ਮੁੰਬਈ: ਬੰਬੇ ਹਾਈ ਕੋਰਟ (Bombay High Court) ਨੇ ਕਿਹਾ ਹੈ ਕਿ ਬੁੱਲ੍ਹਾਂ ਨੂੰ ਚੁੰਮਣਾ (Kiss) ਅਤੇ ਪਿਆਰ ਨਾਲ ਕਿਸੇ ਨੂੰ ਛੂਹਣਾ ਭਾਰਤੀ ਦੰਡਾਵਲੀ ਦੀ ਧਾਰਾ 377 ਦੇ ਤਹਿਤ ਗੈਰ-ਕੁਦਰਤੀ ਅਪਰਾਧ (Unnatural crime) ਨਹੀਂ ਹੈ ਅਤੇ ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਹੈ ਕਿ ਨਾਬਾਲਗ ਲੜਕੇ ਨਾਲ ਜਿਨਸੀ ਸ਼ੋਸ਼ਣ (Sexual abuse) ਦੇ ਦੋਸ਼ੀ ਵਿਅਕਤੀ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਜਸਟਿਸ ਅਨੁਜਾ ਪ੍ਰਭੂਦੇਸਾਈ (Justice Anuja Prabhudesai) ਨੇ ਹਾਲ ਹੀ ਵਿੱਚ ਇੱਕ ਵਿਅਕਤੀ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਇਸ ਵਿਅਕਤੀ ਨੂੰ ਪਿਛਲੇ ਸਾਲ 14 ਸਾਲਾ ਲੜਕੇ ਦੇ ਪਿਤਾ ਦੀ ਸ਼ਿਕਾਇਤ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ।
ਐਫਆਈਆਰ ਮੁਤਾਬਕ ਲੜਕੇ ਦੇ ਪਿਤਾ ਨੇ ਆਪਣੀ ਅਲਮਾਰੀ ਵਿੱਚੋਂ ਪੈਸੇ ਗਾਇਬ ਪਾਏ। ਲੜਕੇ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੇ ਦੋਸ਼ੀ ਵਿਅਕਤੀ ਨੂੰ ਪੈਸੇ ਦਿੱਤੇ ਸਨ। ਨਾਬਾਲਗ ਨੇ ਦੱਸਿਆ ਕਿ ਉਹ ਆਨਲਾਈਨ ਗੇਮ 'ਓਲਾ ਪਾਰਟੀ' ਲਈ ਰੀਚਾਰਜ ਕਰਵਾਉਣ ਲਈ ਮੁੰਬਈ ਦੇ ਇਕ ਉਪਨਗਰ 'ਚ ਦੋਸ਼ੀ ਵਿਅਕਤੀ ਦੀ ਦੁਕਾਨ 'ਤੇ ਜਾਂਦਾ ਸੀ।
ਲੜਕੇ ਨੇ ਦੋਸ਼ ਲਾਇਆ ਕਿ ਇਕ ਦਿਨ ਜਦੋਂ ਉਹ ਰਿਚਾਰਜ ਕਰਨ ਗਿਆ ਤਾਂ ਮੁਲਜ਼ਮ ਨੇ ਉਸ ਦੇ ਬੁੱਲ੍ਹਾਂ ਨੂੰ ਚੁੰਮਿਆ ਅਤੇ ਉਸ ਦੇ ਗੁਪਤ ਅੰਗਾਂ ਨੂੰ ਛੂਹ ਲਿਆ। ਇਸ ਤੋਂ ਬਾਅਦ, ਲੜਕੇ ਦੇ ਪਿਤਾ ਨੇ ਬਾਲ ਜਿਨਸੀ ਅਪਰਾਧਾਂ ਦੀ ਸੁਰੱਖਿਆ (ਪੋਕਸੋ) ਐਕਟ ਦੀਆਂ ਸਬੰਧਤ ਧਾਰਾਵਾਂ ਅਤੇ ਭਾਰਤੀ ਦੰਡਾਵਲੀ ਦੀ ਧਾਰਾ 377 ਦੇ ਤਹਿਤ ਦੋਸ਼ੀ ਦੇ ਖਿਲਾਫ ਪੁਲਿਸ ਵਿੱਚ ਐਫਆਈਆਰ ਦਰਜ ਕਰਵਾਈ।
ਜਸਟਿਸ ਪ੍ਰਭੂਦੇਸਾਈ ਨੇ ਦੋਸ਼ੀ ਨੂੰ ਜ਼ਮਾਨਤ ਦਿੰਦੇ ਹੋਏ ਕਿਹਾ ਕਿ ਲੜਕੇ ਦੀ ਮੈਡੀਕਲ ਜਾਂਚ ਉਸ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਮਰਥਨ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਦੋਸ਼ੀ ਵਿਰੁੱਧ ਪੋਕਸੋ ਦੀਆਂ ਧਾਰਾਵਾਂ ਤਹਿਤ ਵੱਧ ਤੋਂ ਵੱਧ ਪੰਜ ਸਾਲ ਦੀ ਸਜ਼ਾ ਹੋ ਸਕਦੀ ਹੈ ਅਤੇ ਉਸ ਨੂੰ ਜ਼ਮਾਨਤ ਦਿੱਤੀ ਜਾ ਸਕਦੀ ਹੈ।
ਅਦਾਲਤ ਨੇ ਕਿਹਾ ਕਿ ਮੌਜੂਦਾ ਮਾਮਲੇ 'ਚ ਗੈਰ-ਕੁਦਰਤੀ ਸੈਕਸ ਦਾ ਮਾਮਲਾ ਪਹਿਲੀ ਨਜ਼ਰੇ ਲਾਗੂ ਨਹੀਂ ਹੈ। ਹਾਈ ਕੋਰਟ ਨੇ ਕਿਹਾ ਕਿ ਮੁਲਜ਼ਮ ਪਹਿਲਾਂ ਹੀ ਇੱਕ ਸਾਲ ਤੋਂ ਹਿਰਾਸਤ ਵਿੱਚ ਹੈ ਅਤੇ ਮੁਕੱਦਮੇ ਦੀ ਸੁਣਵਾਈ ਜਲਦੀ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਹੈ। ਹਾਈ ਕੋਰਟ ਨੇ ਕਿਹਾ, ''ਉਪਰੋਕਤ ਤੱਥਾਂ ਅਤੇ ਹਾਲਾਤਾਂ ਨੂੰ ਦੇਖਦੇ ਹੋਏ ਬਿਨੈਕਾਰ ਜ਼ਮਾਨਤ ਦਾ ਹੱਕਦਾਰ ਹੈ।'' ਇਸ ਦੇ ਨਾਲ ਹੀ ਦੋਸ਼ੀ ਨੂੰ 30,000 ਰੁਪਏ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ ਦੇ ਦਿੱਤੀ ਗਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bombay high court, Forced sex, High court, Sexual Abuse