• Home
  • »
  • News
  • »
  • national
  • »
  • BY ELECTION SHOCK BIG CUTS IN PETROL AND DIESEL IN BJP RULED STATES

ਜ਼ਿਮਨੀ ਚੋਣਾਂ ਦਾ ਝਟਕਾ! ਭਾਜਪਾ ਸੱਤਾ ਵਾਲੇ ਸੂਬਿਆਂ 'ਚ ਪੈਟਰੋਲ ਤੇ ਡੀਜ਼ਲ ਕੀਮਤਾਂ ’ਚ ਵੱਡੀ ਕਟੌਤੀ

ਭਾਜਪਾ ਸੱਤਾ ਵਾਲੇ ਸੂਬਿਆਂ ਵਿਚ ਇਕਦਮ ਇੰਨੀ ਰਾਹਤ ਪਿੱਛੇ ਹਾਲ ਹੀ ਵਿਚ ਮੁਲਕ ਦੇ ਵੱਖ-ਵੱਖ ਸੂਬਿਆਂ ਵਿਚ ਹੋਈਆਂ ਜਿਮਨੀ ਚੋਣਾਂ ਦੇ ਨਤੀਜਿਆਂ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।

ਜ਼ਿਮਨੀ ਚੋਣਾਂ ਦਾ ਝਟਕਾ! ਭਾਜਪਾ ਸ਼ਾਸਿਤ ਸੂਬਿਆਂ 'ਚ ਪੈਟਰੋਲ ਤੇ ਡੀਜ਼ਲ ’ਚ ਵੱਡੀ ਕਟੌਤੀ (ਫਾਇਲ ਫੋਟੋ)

ਜ਼ਿਮਨੀ ਚੋਣਾਂ ਦਾ ਝਟਕਾ! ਭਾਜਪਾ ਸ਼ਾਸਿਤ ਸੂਬਿਆਂ 'ਚ ਪੈਟਰੋਲ ਤੇ ਡੀਜ਼ਲ ’ਚ ਵੱਡੀ ਕਟੌਤੀ (ਫਾਇਲ ਫੋਟੋ)

  • Share this:
    ਕੇਂਦਰ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਤੋਂ ਐਕਸਾਈਜ਼ ਡਿਊਟੀ ਘਟਾਉਣ ਮਗਰੋਂ ਭਾਜਪਾ ਸ਼ਾਸਿਤ ਸੂਬਿਆਂ ’ਚ ਵੈਟ ਦੀਆਂ ਦਰਾਂ ਘਟਾ ਦਿੱਤੀਆਂ ਗਈਆਂ ਹਨ। ਇਨ੍ਹਾਂ ਸੂਬਿਆਂ ’ਚ ਪੈਟਰੋਲ ’ਚ 8.7 ਰੁਪਏ ਅਤੇ ਡੀਜ਼ਲ ’ਚ 9.52 ਰੁਪਏ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਗਈ ਹੈ।

    ਉਧਰ, ਚੰਡੀਗੜ੍ਹ ਪ੍ਰਸ਼ਾਸਨ ਨੇ ਪੈਟਰੋਲ ਅਤੇ ਡੀਜ਼ਲ ਤੋਂ ਵੈਟ 7-7 ਰੁਪਏ ਘਟਾ ਦਿੱਤਾ ਹੈ। ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਪੈਟੋਰਲ ਤੋਂ 5 ਅਤੇ ਡੀਜ਼ਲ ਤੋਂ 10 ਰੁਪਏ ਐਕਸਾਈਜ਼ ਡਿਊਟੀ ਘਟਾ ਦਿੱਤੀ ਸੀ। ਭਾਜਪਾ ਅਤੇ ਉਸ ਦੇ ਭਾਈਵਾਲਾਂ ਵਾਲੇ ਸੂਬਿਆਂ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵੱਡੀ ਕਟੌਤੀ ਕੀਤੀ ਗਈ ਹੈ।

    ਭਾਜਪਾ ਸੱਤਾ ਵਾਲੇ ਸੂਬਿਆਂ ਵਿਚ ਇਕਦਮ ਇੰਨੀ ਰਾਹਤ ਪਿੱਛੇ ਹਾਲ ਹੀ ਵਿਚ ਮੁਲਕ ਦੇ ਵੱਖ-ਵੱਖ ਸੂਬਿਆਂ ਵਿਚ ਹੋਈਆਂ ਜਿਮਨੀ ਚੋਣਾਂ ਦੇ ਨਤੀਜਿਆਂ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਇਨ੍ਹਾਂ ਚੋਣਾਂ ਵਿਚ ਭਾਜਪਾ ਨੂੰ ਵੱਡੇ ਝਟਕੇ ਲੱਗੇ ਸਨ। ਖਾਸ ਕਰਕੇ ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਚਾਰੇ ਸੀਟਾਂ ਹਾਰ ਗਈ। ਹਰਿਆਣਾ ਵਿਚ ਵੀ ਪਾਰਟੀ ਨੂੰ ਹਾਰ ਮਿਲੀ। ਇਸ ਤੋਂ ਇਲਾਵਾ ਰਾਜਸਥਾਨ, ਪੱਛਮੀ ਬੰਗਾਲ ਵਿਚ ਨਮੋਸ਼ੀ ਝੱਲਣੀ ਪਈ। ਚੋਣ ਨਤੀਜਿਆਂ ਤੋਂ ਤੁਰਤ ਬਾਅਦ ਰਾਹਤ ਨੂੰ ਲੈ ਵੱਡੇ ਪੱਧਰ ਉਤੇ ਚਰਚਾ ਛਿੜੀ ਹੋਈ ਹੈ।

    ਹੁਣ ਭਾਜਪਾ ਸੱਤਾ ਵਾਲੇ ਸੂਬਿਆਂ ਵੱਲੋਂ ਰਾਹਤ ਦੇਣ ਪਿੱਛੋਂ ਪੰਜਾਬ ਸਰਕਾਰ ਲਈ ਤੇਲ ਕੀਮਤਾਂ ਵਿੱਚ ਕਟੌਤੀ ਕਰਨੀ ਸਿਆਸੀ ਮਜਬੂਰੀ ਬਣ ਗਈ ਹੈ। ਪਤਾ ਲੱਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਵੀ ਪੰਜਾਬ ਚੋਣਾਂ ਦੇ ਮੱਦੇਨਜ਼ਰ ਕੀਮਤਾਂ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ। ਅਗਲੀ ਕੈਬਨਿਟ ਮੀਟਿੰਗ ਵਿੱਚ ਇਸ ਬਾਰੇ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਕ ਸਮਾਗਮ ਦੌਰਾਨ ਇਸ ਗੱਲ ਦੇ ਸੰਕੇਤ ਦਿੱਤੇ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਮਗਰੋਂ ਕੋਈ ਆਖਰੀ ਫ਼ੈਸਲਾ ਲਿਆ ਜਾ ਸਕਦਾ ਹੈ।

    ਚੇਤੇ ਰਹੇ ਕਿ ਜ਼ਿਮਨੀ ਚੋਣਾਂ ਵਿੱਚ ਹਾਰ ਮਗਰੋਂ ਕੇਂਦਰ ਦੀ ਭਾਜਪਾ ਸਰਕਾਰ ਨੇ ਡੀਜ਼ਲ ਤੇ ਪੈਟਰੋਲ ਵਿੱਚ ਪ੍ਰਤੀ ਲਿਟਰ 10 ਰੁਪਏ ਦੀ ਕਟੌਤੀ ਕੀਤੀ ਹੈ। ਕੇਂਦਰ ਸਰਕਾਰ ਦੇ ਇਸ ਫੈਸਲੇ ਮਗਰੋਂ ਹੁਣ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਆਪਣੇ ਟੈਕਸਾਂ ਵਿੱਚ ਕਟੌਤੀ ਕਰ ਦਿੱਤੀ ਹੈ ਜਿਸ ਮਗਰੋਂ ਪੰਜਾਬ ਨਾਲੋਂ ਤੇਲ ਗੁਆਂਢੀ ਸੂਬਿਆਂ ਵਿੱਚ ਸਸਤਾ ਹੋ ਗਿਆ ਹੈ।

    ਕੇਂਦਰੀ ਫੈਸਲੇ ਮਗਰੋਂ ਹਰਿਆਣਾ ਸਰਕਾਰ ਨੇ ਡੀਜ਼ਲ ਦੋ ਰੁਪਏ ਅਤੇ ਪੈਟਰੋਲ 7 ਰੁਪਏ ਪ੍ਰਤੀ ਲਿਟਰ ਟੈਕਸ ਘਟਾ ਦਿੱਤੇ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਵੀ 7 ਰੁਪਏ ਪ੍ਰਤੀ ਲਿਟਰ ਕੀਮਤ ਵਿੱਚ ਕਟੌਤੀ ਕਰ ਦਿੱਤੀ ਹੈ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਪੈਟਰੋਲ ਦੀ ਕੀਮਤ 7.5 ਫੀਸਦੀ ਅਤੇ ਡੀਜ਼ਲ 8 ਫੀਸਦੀ ਘਟਾ ਦਿੱਤਾ ਹੈ। ਪੰਜਾਬ ਵਿਚ ਹੁਣ ਪੈਟਰੋਲ 106.20 ਰੁਪਏ ਪ੍ਰਤੀ ਲਿਟਰ ਹੈ ਜਦੋਂ ਕਿ ਹਰਿਆਣਾ ਵਿੱਚ 94.93 ਰੁਪਏ, ਚੰਡੀਗੜ੍ਹ ਵਿੱਚ 94.23 ਰੁਪਏ, ਹਿਮਾਚਲ ਪ੍ਰਦੇਸ਼ ਵਿੱਚ 95.97 ਰੁਪਏ ਪ੍ਰਤੀ ਲਿਟਰ ਹੈ।

    ਇਸੇ ਤਰ੍ਹਾਂ ਪੰਜਾਬ ਵਿੱਚ ਡੀਜ਼ਲ ਹੁਣ 89.83 ਰੁਪਏ ਪ੍ਰਤੀ ਲਿਟਰ, ਹਰਿਆਣਾ ਵਿੱਚ 86.57 ਰੁਪਏ, ਚੰਡੀਗੜ੍ਹ ਵਿੱਚ 80.90 ਰੁਪਏ ਅਤੇ ਹਿਮਾਚਲ ਵਿੱਚ 80.54 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਪੰਜਾਬ ਸਰਕਾਰ ਵੱਲੋਂ ਤੇਲ ਕੀਮਤਾਂ ਵਿੱਚ ਕਟੌਤੀ ਕੀਤੇ ਜਾਣ ਦਾ ਇਸ਼ਾਰਾ ਕੀਤਾ ਹੈ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੁੂ ਨੇ ਵੀ ਇਸ ਬਾਰੇ ਆਸ ਜਤਾਈ ਹੈ। 
    Published by:Gurwinder Singh
    First published: