ਸੀ.ਬੀ.ਆਈ. ਨੇ ਸਾਬਕਾ ਰਾਜਪਾਲ ਸੱਤਿਆ ਪਾਲ ਮਲਿਕ ਦੇ ਬਿਆਨ ਦੇ ਆਧਾਰ ਉਤੇ ਲੰਘੇ ਅਪਰੈਲ ਮਹੀਨੇ ਵਿਚ ਜੰਮੂ ਕਸ਼ਮੀਰ ਵਿਚ ਦਰਜ ਹੋਏ ਭ੍ਰਿਸ਼ਟਾਚਾਰ ਦੇ ਦੋ ਕੇਸਾਂ ਦੇ ਸਬੰਧ ਵਿਚ ਸ੍ਰੀ ਮਲਿਕ ਕੋਲੋਂ ਪੁੱਛ-ਪੜਤਾਲ ਕੀਤੀ।
ਅਧਿਕਾਰੀਆਂ ਨੇ ਕਿਹਾ ਕਿ ਇਸ ਹਫਤੇ ਦੇ ਸ਼ੁਰੂ ਵਿਚ ਸ੍ਰੀ ਮਲਿਕ ਵੱਲੋਂ ਲਗਾਏ ਗਏ ਦੋਸ਼ਾਂ ਦੇ ਵੇਰਵੇ ਹਾਸਲ ਕੀਤੇ ਗਏ ਸਨ। 4 ਅਕਤੂਬਰ ਨੂੰ ਮਲਿਕ ਦਾ ਰਾਜਪਾਲ ਵਜੋਂ ਪੰਜ ਸਾਲ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਕੋਲੋਂ ਪੁੱਛਗਿਛ ਕੀਤੀ ਗਈ।
ਉਨ੍ਹਾਂ ਨੂੰ 2017 ਵਿਚ ਬਿਹਾਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਉਪਰੰਤ 2018 ਵਿਚ ਉਨ੍ਹਾਂ ਨੂੰ ਜੰਮੂ ਕਸ਼ਮੀਰ ਭੇਜ ਦਿੱਤਾ ਗਿਆ ਜਿਥੇ ਉਨ੍ਹਾਂ ਅਗਸਤ 2019 ਵਿਚ ਧਾਰਾ 370 ਰੱਦ ਕੀਤੇ ਜਾਣ ਦੀ ਨਿਗਰਾਨੀ ਕੀਤੀ।
ਮਲਿਕ ਨੇ ਦਾਅਵਾ ਕੀਤਾ ਸੀ ਕਿ 23 ਅਗਸਤ 2018 ਤੋਂ 30 ਅਕਤੂਬਰ 2019 ਤੱਕ ਜੰਮੂ ਕਸ਼ਮੀਰ ਦੇ ਰਾਜਪਾਲ ਵਜੋਂ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਦੋ ਫਾਈਲਾਂ ਨੂੰ ਮਨਜ਼ੂਰੀ ਦੇਣ ਵਾਸਤੇ 300 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ।
ਉਨ੍ਹਾਂ ਕਿਹਾ ਸੀ, ‘‘ਕਸ਼ਮੀਰ ਜਾਣ ’ਤੇ, ਦੋ ਫਾਈਲਾਂ ਮੇਰੇ ਕੋਲ ਆਈਆਂ, ਉਹ ਵਿਅਕਤੀ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦਾ ਕਾਫੀ ਨੇੜਲਾ ਦੱਸਦਾ ਸੀ। ਮੈਨੂੰ ਦੋਹਾਂ ਵਿਭਾਗਾਂ ਦੇ ਸਕੱਤਰਾਂ ਨੇ ਜਾਣਕਾਰੀ ਦਿੱਤੀ ਸੀ ਕਿ ਇਨ੍ਹਾਂ ਸੌਦਿਆਂ ’ਚ ਘਪਲਾ ਹੈ।’’
ਸੱਤਿਆਪਾਲ ਮਲਿਕ ਦੇ ਇਨ੍ਹਾਂ ਦੋਸ਼ਾਂ ਦੀ ਹੁਣ ਸੀਬੀਆਈ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਸੀਬੀਆਈ ਜਾਂਚ ਦੇ ਐਲਾਨ ਬਾਰੇ ਮਲਿਕ ਨੇ ਇਸ ਸਾਲ ਅਪ੍ਰੈਲ ਵਿੱਚ ਕਿਹਾ ਸੀ ਕਿ ਉਹ ਸੀਬੀਆਈ ਜਾਂਚ ਲਈ ਤਿਆਰ ਹਨ ਅਤੇ ਜਾਂਚ ਵਿੱਚ ਹੋਰ ਜਾਣਕਾਰੀ ਵੀ ਦੇਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: CBI, Meghalaya, Satyapal malik