ਐਚ3ਐਨ2 ਵਾਇਰਸ (H3N2 Influenza Virus) ਦੇ ਕੇਸਾਂ ਵਿਚ ਵਾਧੇ ਨੇ ਚਿੰਤਾ ਵਧਾ ਦਿੱਤੀ ਹੈ। ਕੇਂਦਰ ਨੇ ਵੀ ਕੁਝ ਸੂਬਿਆਂ ਵਿਚ ਹੌਲੀ ਹੌਲੀ ਵਧ ਰਹੇ ਕੋਵਿਡ 19 ਦੇ ਕੇਸਾਂ ਸਬੰਧੀ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਾਲ ਤੁਰਤ ਨਜਿੱਠਣ ਦੀ ਲੋੜ ਹੈ।
ਕੇਂਦਰ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਫਲੂ ਦੇ ਕੇਸ ਵਧਣ ਤੋਂ ਰੋਕਣ ਲਈ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਸੂਬਿਆਂ ਨੂੰ ਹਸਪਤਾਲਾਂ ਵਿਚ ਅਗਾਊਂ ਤਿਆਰੀਆਂ ਮੁਕੰਮਲ ਕਰਨ ਲਈ ਵੀ ਆਖਿਆ ਗਿਆ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਨ ਨੇ ਸੂਬਿਆਂ ਅਤੇ ਯੂਟੀਜ਼ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਭਾਵੇਂ ਪਿਛਲੇ ਕੁਝ ਮਹੀਨਿਆਂ ਵਿਚ ਕੋਵਿਡ-19 ਨੂੰ ਠੱਲ੍ਹ ਪਈ ਹੈ ਪਰ ਕੁਝ ਸੂਬਿਆਂ ਵਿੱਚ ਕੋਵਿਡ 19 ਦੇ ਕੇਸਾਂ ਵਿੱਚ ਮੁੜ ਹੋਇਆ ਵਾਧਾ ਚਿੰਤਾ ਦਾ ਵਿਸ਼ਾ ਹੈ ਜਿਸ ਨੂੰ ਤੁਰਤ ਨਜਿੱਠਣ ਦੀ ਲੋੜ ਹੈ।
ਮਾਹਿਰਾਂ ਨੇ ਮੌਸਮੀ ਫਲੂ ਐਚ3ਐਨ2 ਤੋਂ ਡਰਨ ਦੀ ਬਜਾਏ ਇਸ ਤੋਂ ਬਚਣ ਲਈ ਨਿਗਰਾਨੀ ਤੇ ਇਹਤਿਆਤ ਵਰਤਣ ਦੀ ਲੋੜ ਉਤੇ ਜ਼ੋਰ ਦਿੱਤਾ। ਜ਼ਿਕਰਯੋਗ ਹੈ ਕਿ ਐਚ3ਐਨ2 ਵਾਇਰਸ ਨਾਲ ਭਾਰਤ ਵਿਚ ਦੋ ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ਵਿਚੋਂ ਇਕ ਮੌਤ ਹਰਿਆਣਾ ਤੇ ਦੂਜੀ ਕਰਨਾਟਕ ਵਿਚ ਹੋਈ ਹੈ।
ਦੋ ਜਨਵਰੀ ਤੋਂ 5 ਮਾਰਚ ਤੱਕ ਐਚ3ਐਨ2 ਦੇ 451 ਕੇਸ ਸਾਹਮਣੇ ਆ ਚੁੱਕੇ ਹਨ। ਕੇਂਦਰ ਸਰਕਾਰ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ ਸਥਿਤੀ ’ਤੇ ਖਾਸ ਨਜ਼ਰ ਰੱਖਣ ਦੀ ਹਦਾਇਤ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮਹੀਨੇ ਦੇ ਅਖੀਰ ਵਿਚ ਫਲੂ ਦੇ ਕੇਸ ਘਟ ਸਕਦੇ ਹਨ। ਦੱਸ ਦਈਏ ਕਿ ਐਚ3ਐਨ2 ਅਜਿਹਾ ਵਾਇਰਸ ਹੈ ਜੋ ਸੂਰਾਂ ਰਾਹੀਂ ਫੈਲਦਾ ਹੈ ਅਤੇ ਮਨੁੱਖਾਂ ਨੂੰ ਪ੍ਰਭਾਵਿਤ ਕਰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: H3N2, H3n2 influenza