ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿਚ ਬਹੁਤ ਸਾਰੇ ਸਕੂਲ ਅਜਿਹੇ ਹਨ, ਜਿਥੇ ਅਧਿਆਪਕਾਂ ਦੀ ਘਾਟ ਹੈ। ਹਾਲਾਂਕਿ, ਕੋਵਿਡ -19 ਕਾਰਨ ਬੱਚੇ ਘਰ ਵਿੱਚ ਹੀ ਆਨਲਾਈਨ ਸਿੱਖਿਆ ਪ੍ਰਾਪਤ ਕਰ ਰਹੇ ਹਨ, ਪਰ ਜਦੋਂ ਬੱਚਿਆਂ ਨੂੰ ਸਕੂਲਾਂ ਵਿੱਚ ਜਾਣ ਦੀ ਆਗਿਆ ਦਿੱਤੀ ਗਈ ਸੀ, ਉਸ ਸਮੇਂ ਅਧਿਆਪਕਾਂ ਦੀ ਘਾਟ ਰੜਕ ਰਹੀ ਸੀ। ਬੱਚਿਆਂ ਨੂੰ ਪੜ੍ਹਾਈ ਕਰਨ ਵਿਚ ਬਹੁਤ ਮੁਸ਼ਕਲ ਆਉਂਦੀ ਸੀ। ਕਈ ਸਕੂਲਾਂ ਵਿੱਚ ਸਿਰਫ ਇੱਕ ਜਾਂ ਦੋ ਅਧਿਆਪਕ ਹੀ ਤਾਇਨਾਤ ਕੀਤੇ ਗਏ ਹਨ ਅਤੇ ਹੁਣ ਉਨ੍ਹਾਂ ਦਾ ਤਬਾਦਲਾ ਵੀ ਕੀਤਾ ਜਾ ਰਿਹਾ ਹੈ।
ਚੰਬਾ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁੰਡਲਾ ਦੀ ਗੱਲ ਕਰੀਏ ਤਾਂ ਉਥੇ ਟੀਜੀਟੀ ਅਧਿਆਪਕ ਦੇ ਤਬਾਦਲੇ ਨੂੰ ਲੈ ਕੇ ਲੋਕ ਕਾਫ਼ੀ ਨਾਖੁਸ਼ ਹਨ। ਇਸ ਤਬਾਦਲੇ ਤੋਂ ਬਾਅਦ ਬੱਚੇ ਵੀ ਨਿਰਾਸ਼ ਹਨ ਤੇ ਪੜ੍ਹਾਈ ਤੋਂ ਟਲ ਰਹੇ ਹਨ। ਇਸ ਪਿੱਛੋਂ ਗ੍ਰਾਮ ਪੰਚਾਇਤ ਪੁਖਰੀ ਦੇ ਲੋਕ ਏਡੀਸੀ ਚੰਬਾ ਨੂੰ ਮਿਲਣ ਪਹੁੰਚੇ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਜਿਸ ਅਧਿਆਪਕ ਦੀ ਬਦਲੀ ਕੀਤੀ ਗਈ ਹੈ, ਉਸ ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਮਲੇਸ਼ ਕੁਮਾਰ ਟੀਜੀਟੀ ਆਰਟਸ ਦਾ ਅਧਿਆਪਕ ਹੈ। ਉਹ ਬਹੁਤ ਮਿਹਨਤੀ, ਅਨੁਸ਼ਾਸਿਤ ਅਧਿਆਪਕ ਹੈ।
ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਤੋਂ ਕਮਲੇਸ਼ ਨੇ ਸਕੂਲ ਦਾ ਚਾਰਜ ਸੰਭਾਲਿਆ ਹੈ, ਉਸ ਤੋਂ ਬਾਅਦ ਸਕੂਲ ਸਿੱਖਿਆ ਦੇ ਖੇਤਰ ਵਿੱਚ ਬਹੁਤ ਤਰੱਕੀ ਕਰ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਦਾ ਇਸ ਅਧਿਆਪਕ ਦੇ ਨਾਲ ਤਾਲਮੇਲ ਬਣਿਆ ਹੋਇਆ ਸੀ। ਸਕੂਲ ਵਿੱਚ ਹੋ ਰਹੀਆਂ ਸਾਰੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਬੱਚਿਆਂ ਦੇ ਮਾਪਿਆਂ ਨੂੰ ਦਿੱਤੀ ਜਾ ਰਹੀ ਹੈ। ਇਸ ਲਈ ਅਸੀਂ ਸਰਕਾਰ ਅਤੇ ਵਿਭਾਗ ਨੂੰ ਬੇਨਤੀ ਕਰਦੇ ਹਾਂ ਕਿ ਬੱਚਿਆਂ ਦੇ ਭਵਿੱਖ ਨੂੰ ਮੁੱਖ ਰੱਖਦਿਆਂ ਉਨ੍ਹਾਂ ਦਾ ਤਬਾਦਲਾ ਰੱਦ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਦੇ ਦਫਤਰ ਪਹੁੰਚੇ ਮਾਪਿਆਂ ਨੇ ਸ਼ਿਕਾਇਤ ਕੀਤੀ ਕਿ ਉਹ ਉਸ ਅਧਿਆਪਕ ਦੀ ਬਦਲੀ ਰੱਦ ਕਰਵਾਉਣਾ ਚਾਹੁੰਦੇ ਹਨ ਜੋ ਉਨ੍ਹਾਂ ਦੇ ਸਕੂਲ ਵਿੱਚੋਂ ਤਬਦੀਲ ਹੋ ਗਿਆ ਹੈ। ਅਧਿਆਪਕ ਬਹੁਤ ਮਿਹਨਤੀ ਸੀ ਅਤੇ ਬੱਚੇ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ। ਉਹ ਸਕੂਲ ਵਿਚ ਹਰ ਖੇਤਰ ਵਿਚ ਚੰਗਾ ਕੰਮ ਕਰ ਰਿਹਾ ਹੈ, ਇਸ ਲਈ ਉਸ ਅਧਿਆਪਕ ਦੇ ਤਬਾਦਲੇ ਨੂੰ ਰੱਦ ਕਰਨਾ ਬਹੁਤ ਜ਼ਰੂਰੀ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Government School, Government schools, School timings