ਬਰਗਾੜੀ ਬੇਅਦਬੀ ਮਾਮਲੇ ‘ਚ ਫ਼ਰੀਦਕੋਟ ਦੀ ਅਦਾਲਤ ਨੇ ਗੁਰਮੀਤ ਰਾਮ ਰਹੀਮ ਨੂੰ ਗ੍ਰਿਫ਼ਤਾਰ ਕਰਕੇ ਪ੍ਰੋਡਕਸ਼ਨ ਵਰੰਟ ‘ਤੇ ਲਿਆਉਣ ਦੇ ਹੁਕਮ ਜਾਰੀ ਕੀਤੇ ਸੀ। ਜਿਸ ਨੂੰ ਰੱਦ ਕਰਾਉਣ ਲਈ ਉਸ ਨੇ ਪੇਸ਼ਗੀ ਜ਼ਮਾਨਤ ਲਈ ਹਾਈਕੋਰਟ ਵਿੱਚ ਅਰਜ਼ੀ ਦਾਖ਼ਲ ਕੀਤੀ ਹੈ। ਇਸ ਅਰਜ਼ੀ ਵਿੱਚ ਰਾਮ ਰਹੀਮ ਨੇ ਅਪੀਲ ਕੀਤੀ ਹੈ ਕਿ ਐੱਸ.ਆਈ.ਟੀ ਇਸ ਮਾਮਲੇ ਵਿੱਚ ਉਨ੍ਹਾਂ ਤੋਂ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਜਾਂ ਫ਼ਿਰ ਜੇਲ੍ਹ ‘ਚ ਆ ਕੇ ਉਸ ਤੋਂ ਪੁੱਛਗਿੱਛ ਕੀਤੀ ਜਾਵੇ। ਰਾਮ ਰਹੀਮ ਨੇ ਫ਼ਰੀਦਕੋਟ ਦੀ ਅਦਾਲਤ ਦੇ ਹੁਕਮਾਂ ਨੂੰ ਰੱਦ ਕਰਨ ਦੇ ਨਾਲ ਨਾਲ ਕੋਰਟ ਵੱਲੋਂ ਜਾਰੀ ਕੀਤੇ ਗਏ ਵਰੰਟ ਨੂੰ ਚੁਣੌਤੀ ਦਿੱਤੀ ਹੈ ਅਤੇ ਨਾਲ ਹੀ ਅਗਾਊਂ ਜ਼ਮਾਨਤ ਦੀ ਅਪੀਲ ਵੀ ਕੀਤੀ ਹੈ। ਹੁਣ ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਵੀਰਵਾਰ ਯਾਨਿ ਅੱਜ ਸੁਣਵਾਈ ਹੋਵੇਗੀ।
ਦੱਸਣਯੋਗ ਹੈ ਕਿ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਚੋਰੀ ਤੋਂ ਬਾਅਦ ਬੇਅਦਬੀ ਦੇ ਮਾਮਲੇ ‘ਚ ਜਾਂਚ ਕਰ ਰਹੀ ਐੱਸ.ਆਈ.ਟੀ. ਨੇ ਇਸ ਮਾਮਲੇ ‘ਚ ਰਾਮ ਰਹੀਮ ਤੋਂ ਪੁੱਛਗਿੱਛ ਦੀ ਇਜਾਜ਼ਤ ਮੰਗੀ ਸੀ। ਐੱਸ.ਆਈ.ਟੀ ਦੀ ਬੇਨਤੀ ‘ਤੇ ਫ਼ਰੀਦਕੋਟ ਦੀ ਟ੍ਰਾਇ; ਕੋਰਟ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪ੍ਰੋਡਕਸ਼ਨ ਵਰੰਟ ‘ਤੇ ਲਿਆਉਣ ਦੀ ਇਜਾਜ਼ਤ ਦਿੰਦੇ ਹੋਏ ਉਸ ਨੂੰ 29 ਅਕਤੂਬਰ ਨੂੰ ਅਦਾਲਤ ‘ਚ ਪੇਸ਼ ਕਰਨ ਦਾ ਹੁਕਮ ਦਿੱਤਾ ਸੀ। ਉੱਧਰ ਇਸ ਮਾਮਲੇ ਵਿੱਚ ਐੱਸ.ਆਈ.ਟੀ. ਨੇ ਪਹਿਲਾਂ ਤੋਂ ਹੀ ਗੁਰਮੀਤ ਰਾਮ ਰਹੀਮ ਨੂੰ ਚਾਰਜਸ਼ੀਟ ਕੀਤਾ ਹੋਇਆ ਹੈ।
ਬਰਗਾੜੀ ਬੇਅਦਬੀ ਨਾਲ ਜੁੜੀਆਂ ਤਿੰਨ ਘਟਨਾਵਾਂ ‘ਚੋਂ ਪਾਵਨ ਸਰੂਪ ਚੋਰੀ ਕੇਸ ਵਿੱਚ ਐੱਸ.ਆਈ.ਟੀ ਨੇ ਪਹਿਲਾਂ ਤੋਂ ਗੁਰਮੀਤ ਰਾਮ ਰਹੀਮ ਨੂੰ ਚਾਰਜਸ਼ੀਟ ਕੀਤਾ ਹੋਇਆ ਹੈ। ਪੰਜਾਬ ਪੁਲਿਸ ਦੀ ਐੱਸ.ਆਈ.ਟੀ. ਨੇ ਹਾਲ ਹੀ ‘ਚ ਪਾਵਨ ਸਰੂਪ ਚੋਰੀ ਕਰਨ ਅਤੇ ਵਿਵਾਦਤ ਪੋਸਟਰ ਲਾਉਣ ਦੀਆਂ ਘਟਨਾਵਾਂ ‘ਚ ਡੇਰੇ ਦੇ 6 ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਮੁਲਜ਼ਮਾਂ ਦੇ ਖ਼ਿਲਾਫ਼ ਚਾਰਜਸ਼ੀਟ ਵੀ ਦਾਖ਼ਲ ਕੀਤੀ ਜਾ ਚੁੱਕੀ ਹੈ, ਜਦਕਿ ਪਾਵਨ ਸਰੂਪ ਚੋਰੀ ਕਰਨ ਦੀ ਘਟਨਾ ਵਿੱਚ ਐੱਸ.ਆਈ.ਟੀ. ਨੇ ਜੁਲਾਈ 2020 ‘ਚ ਸੱਤ ਡੇਰਾ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਪੁੱਛਗਿੱਛ ਖ਼ਤਮ ਹੋਣ ਤੋਂ ਕੁੱਝ ਦਿਨਾਂ ਬਾਅਦ ਹੀ ਇਨ੍ਹਾਂ ਆਗੂਆਂ ਤੋਂ ਇਲਾਵਾ ਡੇਰੇ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰਾਂ ਅਤੇ ਡਾਰੇ ਮੁਖੀ ਵਿਰੁੱਧ ਅਦਾਲਤ ‘ਚ ਚਾਰਜਸ਼ੀਦ ਦਾਖ਼ਲ ਕੀਤੀ ਸੀ।
ਉਸ ਸਮੇਂ ਤੱਖ ਇਹ ਕੇਸ ਸੀ.ਬੀ.ਆਈ. ਕੋਲ ਸੀ ਅਤੇ ਪੂਰਾ ਵਿਵਾਦ ਪੰਜਾਬ-ਹਰਿਆਣਾ ਹਾਈ ਕੋਰਟ ਪਹੁੰਚਿਆ। ਲੰਬੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਇਸੇ ਸਾਲ ਜਨਵਰੀ ‘ਚ ਹਾਈ ਕੋਰਟ ਨੇ ਬਰਗਾੜੀ ਬੇਅਦਬੀ ਮਾਮਲਿਆਂ ਦੀ ਜਾਂਚ ਦਾ ਅਧਿਕਾਰ ਸੀਬੀਆਈ ਤੋਂ ਵਾਪਸ ਲੈਕੇ ਪੰਜਾਬ ਪੁਲਿਸ ਨੂੰ ਸੌਂਪ ਦਿੱਤਾ। ਜਾਂਚ ਹੱਥ ‘ਚ ਆਉਣ ਤੋਂ ਬਾਅਦ ਹਾਲ ਹੀ ‘ਚ ਪੰਜਾਬ ਪੁਲਿਸ ਨੇ ਬੇਅਦਬੀ ਨਾਲ ਜੁੜੀ ਬਾਕੀ ਦੋਵੇਂ ਘਟਨਾਵਾਂ ਪਾਵਨ ਸਰੂਪ ਦੈ ਬੇਅਦਬੀ ਕਰਨ ਅਤੇ ਵਿਵਾਦਤ ਪੋਸਟਰ ਮਾਮਲੇ ;ਚ ਵੀ ਡੇਰਾ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ ਅਤੇ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਪਾਵਨ ਸਰੂਪ ਚੋਰੀ ਮਾਮਲੇ ‘ਚ ਹਾਲੇ ਚਾਲਾਨ ਪੇਸ਼ ਕੀਤਾ ਜਾਣਾ ਬਾਕੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Dera Sacha Sauda, Faridkot, Gurmeet Ram Rahim Singh, Guru Granth Sahib, High court, Honeypreet, Punjab