
ਵਿਆਹ ਪਿੱਛੋਂ 2 ਜੋੜੇ ਪਹੁੰਚੇ ਹਾਈਕੋਰਟ, ਕਿਹਾ-ਰਾਮ ਰਹੀਮ ਦਾ ਆਸ਼ੀਰਵਾਦ ਦਿਵਾ ਦਿਓ (ਫਾਇਲ ਫੋਟੋ)
ਵਿਆਹ ਤੋਂ ਬਾਅਦ ਦੋ ਨਵੇਂ ਵਿਆਹੇ ਜੋੜਿਆਂ ਨੇ ਪੰਜਾਬ-ਹਰਿਆਣਾ ਹਾਈਕੋਰਟ 'ਚ ਪਟੀਸ਼ਨ ਪਾ ਕੇ ਅਜੀਬ ਮੰਗ ਰੱਖੀ ਹੈ। ਹਾਈਕੋਰਟ 'ਚ ਪਟੀਸ਼ਨ ਦਾਇਰ ਕਰਨ ਵਾਲੇ ਨਵ-ਵਿਆਹੇ ਜੋੜੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਚੇਲਾ ਹਨ।
ਉਨ੍ਹਾਂ ਦਾ ਹਾਲ ਹੀ ਵਿੱਚ ਵਿਆਹ ਹੋਇਆ ਹੈ। ਪਟੀਸ਼ਨਕਰਤਾਵਾਂ ਵਿੱਚੋਂ ਇੱਕ ਸਿਰਸਾ ਜ਼ਿਲ੍ਹੇ ਦਾ ਹੈ ਅਤੇ ਦੂਜਾ ਚੰਡੀਗੜ੍ਹ ਦਾ ਹੈ। ਪਟੀਸ਼ਨਕਰਤਾਵਾਂ ਮੁਤਾਬਕ ਉਹ ਡੇਰੇ ਦੇ ਪੈਰੋਕਾਰ ਹਨ। ਉਨ੍ਹਾਂ ਨੂੰ ਆਪਣੇ ਵਿਆਹ ਦੀਆਂ ਰਸਮਾਂ ਪੂਰੀਆਂ ਕਰਨ ਲਈ ਡੇਰਾ ਮੁਖੀ ਦੇ ਆਸ਼ੀਰਵਾਦ ਦੀ ਲੋੜ ਹੈ। ਉਨ੍ਹਾਂ ਦਾ ਵਿਆਹ ਅਸ਼ੀਰਵਾਦ ਦੀ ਰਸਮ ਤੋਂ ਬਿਨਾਂ ਰੀਤੀ-ਰਿਵਾਜਾਂ ਅਨੁਸਾਰ ਸੰਪੂਰਨ ਨਹੀਂ ਮੰਨਿਆ ਜਾਵੇਗਾ।
ਗੁਰਮੀਤ ਰਾਮ ਰਹੀਮ ਸਿੰਘ ਦੇ ਇਨ੍ਹਾਂ ਚੇਲਿਆਂ ਨੇ ਪਟੀਸ਼ਨ 'ਚ ਆਪਣੇ ਅਤੇ ਆਪਣੀਆਂ ਪਤਨੀਆਂ ਲਈ ਬਾਬੇ ਦਾ ਆਸ਼ੀਰਵਾਦ ਲੈਣ ਦੀ ਮੰਗ ਕੀਤੀ ਹੈ। ਚੰਡੀਗੜ੍ਹ ਅਤੇ ਸਿਰਸਾ ਦੇ ਇਨ੍ਹਾਂ ਡੇਰਾ ਪ੍ਰੇਮੀਆਂ ਨੇ ਵੱਖ-ਵੱਖ ਤਰੀਕਾਂ 'ਤੇ ਵਿਆਹ ਕਰਵਾ ਲਿਆ ਅਤੇ ਦੋਵਾਂ ਨੇ ਅਦਾਲਤ 'ਚ ਵੱਖ-ਵੱਖ ਪਟੀਸ਼ਨਾਂ ਦਾਇਰ ਕੀਤੀਆਂ।
ਪਟੀਸ਼ਨਰਾਂ ਨੇ ਸਰਕਾਰ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ ਕਿ ਡੇਰਾ ਮੁਖੀ ਨੂੰ ਵੀਡੀਓ ਰਿਕਾਰਡਿੰਗ ਰਾਹੀਂ ਅਸ਼ੀਰਵਾਦ ਦੇਣ ਦੀ ਇਜਾਜ਼ਤ ਦਿੱਤੀ ਜਾਵੇ, ਤਾਂ ਜੋ ਉਨ੍ਹਾਂ ਦੇ ਵਿਆਹ ਨਾਲ ਸਬੰਧਤ ਕੁਝ ਰਸਮਾਂ ਨਿਭਾਈਆਂ ਜਾ ਸਕਣ।
ਪਟੀਸ਼ਨਰ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੇ 9 ਨਵੰਬਰ ਨੂੰ ਰੋਹਤਕ ਜੇਲ੍ਹ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੀ ਬੇਨਤੀ ਕੀਤੀ ਸੀ, ਤਾਂ ਜੋ ਉਹ ਡੇਰਾ ਮੁਖੀ ਦਾ ਆਸ਼ੀਰਵਾਦ ਪ੍ਰਾਪਤ ਕਰ ਸਕੇ। ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ।
ਪਟੀਸ਼ਨਰਾਂ ਨੇ ਇਸ ਮਾਮਲੇ ਵਿੱਚ ਹਰਿਆਣਾ ਦੇ ਗ੍ਰਹਿ ਸਕੱਤਰ, ਡੀਜੀਪੀ (ਜੇਲ੍ਹਾਂ), ਸੁਨਾਰੀਆ ਜੇਲ੍ਹ ਦੇ ਸੁਪਰਡੈਂਟ ਰੋਹਤਕ ਨੂੰ ਜਵਾਬਦੇਹ ਬਣਾਇਆ ਹੈ। ਪਟੀਸ਼ਨਕਰਤਾਵਾਂ ਮੁਤਾਬਕ ਭਾਰਤ ਦਾ ਸੰਵਿਧਾਨ ਅਤੇ ਹਿੰਦੂ ਮੈਰਿਜ ਐਕਟ 1955 ਨਾਗਰਿਕਾਂ ਨੂੰ ਉਨ੍ਹਾਂ ਦੇ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਨ ਦੀ ਇਜਾਜ਼ਤ ਦਿੰਦਾ ਹੈ। ਇਹ ਪਟੀਸ਼ਨ ਹੁਣੇ ਹੀ ਹਾਈਕੋਰਟ ਦੀ ਰਜਿਸਟਰੀ 'ਚ ਦਾਇਰ ਕੀਤੀ ਗਈ ਹੈ ਅਤੇ ਜਲਦ ਹੀ ਇਸ 'ਤੇ ਸੁਣਵਾਈ ਹੋ ਸਕਦੀ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।