ਹਰਿਆਣਾ ਸਰਕਾਰ ਵਿੱਚ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਦਿੱਲੀ ਹਿੰਸਾ ਬਾਰੇ ਇੱਕ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਹਿੰਸਾ ਜ਼ਿੰਦਗੀ ਦਾ ਹਿੱਸਾ ਹੈ। ਉਨ੍ਹਾਂ ਅੰਗ੍ਰੇਜ਼ੀ ਵਿਚ ਕਿਹਾ 'It’s The Part Of Life'। ਚੌਟਾਲਾ ਨੇ ਕਿਹਾ ਕਿ ਸਾਲ 1984 ਵਿਚ ਇੰਦਰਾ ਗਾਂਧੀ ਦੀ ਹੱਤਿਆ ਵੇਲੇ ਦਿੱਲੀ ਵਿਚ ਅਜਿਹੀ ਹਿੰਸਾ ਹੋਈ ਸੀ। ਉਨ੍ਹਾਂ ਕਿਹਾ ਕਿ ਦਿੱਲੀ ਹਿੰਸਾ ਨਾਲ ਜੁੜੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੱਜ ਇਸ ਕੇਸ ਦੀ ਸੁਣਵਾਈ ਕਰ ਰਹੇ ਹਨ।
ਅਨਿਲ ਵਿਜ ਨੇ ਹਿੰਸਾ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ ਸੀ
ਦਿੱਲੀ ਵਿਚ ਹੋਈ ਹਿੰਸਾ ਉਤੇ ਇਸ ਤੋਂ ਪਹਿਲਾਂ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਸੀ ਕਿ ਦਿੱਲੀ ਵਿਚ ਹਿੰਸਾ ਦੀ ਅੱਗ ਕਾਂਗਰਸ ਨੇ ਲਾਈ ਹੈ। ਉਨ੍ਹਾਂ ਨੇ ਪੂਰੇ ਦੇਸ਼ ਵਿਚ ਲੋਕਾਂ ਨੂੰ ਇਸ ਖਿਲਾਫ ਭੜਕਾਇਆ ਹੈ ਅਤੇ ਜਦੋਂ ਅੱਗ ਲੱਗ ਚੁਕੀ ਹੈ ਤਾਂ ਇਹ ਲੋਕ ਹੁਣ ਆਪਣੇ ਘਰਾਂ ਵਿਚ ਇਸ ਅੱਗ ਦਾ ਮਜ਼ਾ ਲੈ ਰਹੇ ਹਨ।
34 ਲੋਕਾਂ ਦੀ ਮੌਤ ਹੋ ਚੁੱਕੀ ਹੈ
ਦੱਸਣਯੋਗ ਹੈ ਕਿ ਦਿੱਲੀ ਵਿਚ ਹਿੰਸਾ ਦੌਰਾਨ ਹੁਣ ਤੱਕ ਮਰਣ ਵਾਲਿਆਂ ਦੀ ਗਿਣਤੀ 34 ਹੋ ਗਈ ਹੈ। ਜਾਣਕਾਰੀ ਅਨੁਸਾਰ ਹਿੰਸਾ ਦੌਰਾਨ ਦਿੱਲੀ ਪੁਲਿਸ ਦੇ 56 ਕਰਮਚਾਰੀਆਂ ਸਮੇਤ 200 ਲੋਕ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ ਬੁੱਧਵਾਰ ਨੂੰ ਆਈਬੀ ਦੇ ਇਕ ਕਰਮਚਾਰੀ ਅੰਕਿਤ ਸ਼ਰਮਾ ਦੀ ਲਾਸ਼ ਹਿੰਸਾਗ੍ਰਸਤ ਇਲਾਕੇ ਦੇ ਨਾਲੇ ਵਿਚੋ ਬਰਾਮਦ ਹੋਈ ਸੀ।
ਪੀਐਮ ਮੋਦੀ ਨੇ ਸ਼ਾਂਤੀ ਦੀ ਅਪੀਲ ਕੀਤੀ
ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਾਂਤੀ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਵਾਲ ਨੇ ਬੁੱਧਵਾਰ ਨੂੰ ਦੋ ਵਾਰ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਦਿੱਲੀ ਪੁਲਿਸ ਦੇ ਅਨੁਸਾਰ ਹਿੰਸਾ ਦੇ ਮਾਮਲੇ ਵਿੱਚ ਹੁਣ ਤੱਕ 18 ਐਫਆਈਆਰ ਅਤੇ 106 ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Delhi Violence, Haryana