ਭਾਰਤੀ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਨੇ ਆਪਣੇ ਨਾਲ ਵਾਪਰੇ ਕਾਰ ਹਾਦਸੇ ਦੇ ਸਬੰਧ ਵਿੱਚ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਸ਼ਿਕਾਇਤ ਕੀਤੀ ਸੀ । ਦਰਅਸਲ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਰਿਸ਼ਬ ਪੰਤ ਦਾ ਹਾਲ ਜਾਨਣ ਦੇ ਲਈ ਦੇਹਰਾਦੂਨ ਦੇ ਮੂਕਸ ਹਸਪਤਾਲ ਵਿਖੇ ਗਏ ਸਨ। ਇਸ ਦੌਰਾਨ ਪੰਤ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਸੜਕ ਦੇ ਵਿੱਚ ਟੋਏ ਪਏ ਹੋਏ ਸਨ ਜਿਨ੍ਹਾਂ ਦੇ ਕਾਰਨ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਸੀ ।ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪੰਤ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਜਾਨਲੇਵਾ ਖੱਡਿਆਂ ਨੂੰ ਭਰ ਦਿੱਤਾ ਹੈ।ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਨੇ ਐਤਵਾਰ ਤੜਕੇ ਹਾਦਸੇ ਵਾਲੀ ਥਾਂ ਦੇ ਨੇੜੇ ਪਏ ਟੋਇਆਂ ਨੂੰ ਭਰ ਦਿੱਤਾ।
ਇਸ ਹਾਦਸੇ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਕ੍ਰਿਕਟਰ ਪੰਤ ਦੇ ਸੌਂ ਜਾਣ ਦੇ ਕਾਰਨ ਉਨ੍ਹਾਂ ਦੀ ਕਾਰ ਦਾ ਸੰਤੁਲਨ ਵਿੱਗੜ ਗਿਆ ਸੀ ਅਤੇ ਉਹ ਹਾਦਸੇ ਦਾ ਸ਼ਿਕਾਰ ਹੋ ਗਏ ਸਨ।
ਹਰਿਦੁਆਰ ਦੇ ਐੱਸਐੱਸਪੀ ਅਜੈ ਸਿੰਘ ਦਾ ਕਹਿਣਾ ਹੈ ਕਿ 'ਮੁਢਲੀ ਜਾਣਕਾਰੀ ਦੇ ਮੁਤਾਬਕ ਰਿਸ਼ਭ ਸੌਂ ਗਏ ਸਨ ਅਤੇ ਉਨ੍ਹਾਂ ਦੀ ਕਾਰ ਕੰਟਰੋਲ ਤੋਂ ਬਾਹਰ ਹੋ ਜਾਣ ਤੋਂ ਬਾਅਦ ਡਿਵਾਈਡਰ ਨਾਲ ਜਾ ਟਕਰਾਈ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੇ ਹਾਂ ਅਤੇ ਵੱਖ-ਵੱਖ ਪਹਿਲੂਆਂ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਤ ਦੀ ਹਾਲਤ ਹੁਣ ਕਾਫੀ ਬਿਹਤਰ ਹੈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਲਾਜ ਤੋਂ ਸੰਤੁਸ਼ਟ ਹਨ।
ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਵਿੱਚ ਪੰਤ ਦੀ ਹਾਲਤ ਵਿੱਚ ਕਾਫੀ ਸੁਧਾਰ ਹੋਇਆ ਹੈ।ਬੀਸੀਸੀਆਈ ਅਧਿਕਾਰੀ ਉਨ੍ਹਾਂ ਦੇ ਅਤੇ ਹਸਪਤਾਲ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿੱਚ ਹਨ। ਡਾਕਟਰਾਂ ਨੇ ਦੱਸਿਆ ਕਿ ਅਗਲੇ 1-2 ਦਿਨਾਂ ਵਿੱਚ ਪੰਤ ਦੀ ਹਾਲਤ ਵਿੱਚ ਹੋਰ ਸੁਧਾਰ ਹੋ ਜਾਵੇਗਾ। ਮੈਂ ਪੰਤ ਦੀ ਮਾਤਾ ਦੇ ਨਾਲ ਵੀ ਗੱਲ ਕੀਤੀ ਹੈ। ਉਹ ਇਲਾਜ ਤੋਂ ਸੰਤੁਸ਼ਟ ਹਨ। ਸਾਨੂੰ ਉਮੀਦ ਹੈ ਕਿ ਪੰਤ ਜਲਦੀ ਠੀਕ ਹੋ ਜਾਣਗੇ।
ਤੁਹਾਨੂੰ ਦੱਸ ਦੇਈਏ ਕਿ ਰਿਸ਼ਭ ਪੰਤ ਦੇ ਨਾਲ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਦਿੱਲੀ ਤੋਂ ਰੁੜਕੀ ਜਾ ਰਹੇ ਸਨ।ਪੰਤ ਨੂੰ ਰੁੜਕੀ ਦੇ ਇੱਕ ਨਿੱਜੀ ਹਸਪਤਾਲ ਸਕਸ਼ਮ 'ਚ ਭਰਤੀ ਹੋਣ ਤੋਂ ਬਾਅਦ ਉਸ ਨੂੰ ਦੇਹਰਾਦੂਨ ਦੇ ਮੈਕਸ ਹਸਪਤਾਲ 'ਚ ਸ਼ਿਫਟ ਕਰ ਦਿੱਤਾ ਗਿਆ। ਪੰਤ ਦੇ ਮੱਥੇ 'ਤੇ ਦੋ ਕੱਟ ਹਨ ਅਤੇ ਉਸ ਦੇ ਸੱਜੇ ਗੋਡੇ 'ਚ ਇੱਕ ਟੁੱਟਿਆ ਹੋਇਆ ਲਿਗਾਮੈਂਟ ਹੈ। ਡਾਕਟਰਾਂ ਨੇ ਦੱਸਿਆ ਕਿ ਉਸ ਦੇ ਸੱਜੇ ਗੁੱਟ, ਗਿੱਟੇ ਅਤੇ ਪੈਰ ਦੇ ਅੰਗੂਠੇ 'ਤੇ ਵੀ ਸੱਟਾਂ ਲੱਗੀਆਂ ਹਨ ਅਤੇ ਉਸ ਦੀ ਪਿੱਠ 'ਤੇ ਖੁਰਚ ਗਏ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Car accident, Max Hospital, Pushkar Singh Dhami, Rishabh Pant