ਨਵੀਂ ਦਿੱਲੀ : ਭਾਜਪਾ ਸਰਕਾਰ ਲੋਕ ਸਭਾ (Lok Sabha) ਵਿੱਚ ਸੀਟਾਂ ਦੀ ਗਿਣਤੀ ਵਧਾਉਣ ਦਾ ਪ੍ਰਸਤਾਵ ਲਿਆਉਣ ਜਾ ਰਹੀ ਹੈ। ਇਹ ਦਾਅਵਾ ਸੀਨੀਅਰ ਕਾਂਗਰਸ ਨੇਤਾ ਮਨੀਸ਼ ਤਿਵਾੜੀ ਨੇ ਕੀਤਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਲਈ ਸੰਸਦ ਦਾ ਨਵਾਂ ਚੈਂਬਰ ਵੀ ਤਿਆਰ ਕੀਤਾ ਜਾ ਰਿਹਾ ਹੈ। ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਜੇ ਅਜਿਹੀ ਕੋਈ ਤਜਵੀਜ਼ ਪੇਸ਼ ਕੀਤੀ ਜਾਂਦੀ ਹੈ ਤਾਂ ਆਮ ਲੋਕਾਂ ਦੀ ਰਾਏ ਵੀ ਇਸ 'ਤੇ ਲਈ ਜਾਣੀ ਚਾਹੀਦੀ ਹੈ।
ਮਨੀਸ਼ ਤਿਵਾੜੀ ਨੇ ਟਵੀਟ ਕੀਤਾ, “ਮੈਨੂੰ ਭਾਜਪਾ ਦੇ ਸੰਸਦੀ ਸਾਥੀਆਂ ਦੁਆਰਾ ਭਰੋਸੇ ਨਾਲ ਦੱਸਿਆ ਗਿਆ ਹੈ ਕਿ 2024 ਤੋਂ ਪਹਿਲਾਂ ਲੋਕ ਸਭਾ ਦੀ ਸੀਟਾਂ ਦੀ ਗਿਣਤੀ 1000 ਜਾਂ ਵਧੇਰੇ ਕਰਨ ਦਾ ਪ੍ਰਸਤਾਵ ਹੈ। 1000 ਸੀਟਾਂ ਵਾਲਾ ਨਵਾਂ ਪਾਰਲੀਮੈਂਟ ਹਾਲ ਬਣਾਇਆ ਜਾ ਰਿਹਾ ਹੈ। ਅਜਿਹਾ ਕਰਨ ਤੋਂ ਪਹਿਲਾਂ ਇੱਕ ਗੰਭੀਰ ਜਨਤਕ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ।‘’
ਕਾਂਗਰਸ ਨੇਤਾ ਕਾਰਤੀ ਚਿਦੰਬਰਮ ਨੇ ਵੀ ਤਿਵਾੜੀ ਦੇ ਟਵੀਟ 'ਤੇ ਆਪਣੀ ਰਾਏ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਮੁੱਦੇ ‘ਤੇ ਜਨਤਕ ਬਹਿਸ ਦੀ ਜ਼ਰੂਰਤ ਹੈ। ਟਵੀਟ ਨੂੰ ਕਲਿੱਪ ਕਰਦਿਆਂ ਉਨ੍ਹਾਂ ਲਿਖਿਆ, ‘ਇਸ ਮੁੱਦੇ ‘ਤੇ ਜਨਤਕ ਬਹਿਸ ਦੀ ਜ਼ਰੂਰਤ ਹੈ। ਸਾਡੇ ਵਰਗੇ ਵੱਡੇ ਦੇਸ਼ ਨੂੰ ਵਧੇਰੇ ਚੁਣੇ ਹੋਏ ਨੁਮਾਇੰਦਿਆਂ ਦੀ ਜ਼ਰੂਰਤ ਹੈ, ਪਰ ਜੇ ਇਹ ਵਾਧਾ ਅਬਾਦੀ ਦੇ ਅਧਾਰ 'ਤੇ ਕੀਤਾ ਜਾਂਦਾ ਹੈ, ਤਾਂ ਇਹ ਦੱਖਣੀ ਰਾਜਾਂ ਦੀ ਨੁਮਾਇੰਦਗੀ ਨੂੰ ਹੋਰ ਘਟਾ ਦੇਵੇਗਾ. ਜੋ ਮਨਜ਼ੂਰ ਨਹੀਂ ਹੋਵੇਗਾ। '
ਲੋਕ ਸਭਾ ਦੀ ਮੌਜੂਦਾ ਤਾਕਤ
ਦੱਸ ਦੇਈਏ ਕਿ ਸੰਵਿਧਾਨ ਅਨੁਸਾਰ ਲੋਕ ਸਭਾ ਵਿੱਚ ਵੱਧ ਤੋਂ ਵੱਧ 552 ਮੈਂਬਰ ਹੋ ਸਕਦੇ ਹਨ। ਇਸ ਵਿਚ ਰਾਜਾਂ ਤੋਂ 530 ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿਚੋਂ 20 ਮੈਂਬਰ ਚੁਣੇ ਜਾਂਦੇ ਹਨ। ਇਸ ਤੋਂ ਇਲਾਵਾ ਐਂਗਲੋ-ਇੰਡੀਅਨ ਕਮਿਊਨਿਟੀ ਦੇ ਦੋ ਮੈਂਬਰ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਗਏ ਹਨ। ਪਿਛਲੀ ਵਾਰ ਸੀਟਾਂ ਦੀ ਗਿਣਤੀ ਵਿੱਚ ਵਾਧਾ ਸਾਲ 1977 ਵਿੱਚ ਕੀਤਾ ਗਿਆ ਸੀ। ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਵੀ ਇਕ ਵਾਰ ਕਿਹਾ ਸੀ ਕਿ ਲੋਕ ਸਭਾ ਵਿਚ ਸੀਟਾਂ ਦੀ ਗਿਣਤੀ ਇਕ ਹਜ਼ਾਰ ਤੋਂ ਵੱਧ ਕੀਤੀ ਜਾਣੀ ਚਾਹੀਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: BJP, Indian National Congress, Lok sabha