ਗੁਜਰਾਤ ਵਿੱਚ ਚੱਕਰਵਾਤੀ ‘ਤਾਊਤੇ ’ ਕਾਰਨ ਹੋਏ ਨੁਕਸਾਨ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਵਿਚ ਤੁਰਤ ਰਾਹਤ ਕਾਰਜਾਂ ਲਈ 1000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕੇਂਦਰੀ ਕੈਬਨਿਟ ਦੀ ਇੱਕ ਅੰਤਰ-ਮੰਤਰਾਲੇ ਦੀ ਟੀਮ ਨੂੰ ਰਾਜ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਦੌਰਾ ਕਰਨ ਲਈ ਭੇਜਿਆ ਜਾਵੇਗਾ। ਪ੍ਰਧਾਨ ਮੰਤਰੀ ਦਫਤਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੀਐਮਓ ਨੇ ਇਹ ਵੀ ਦੱਸਿਆ ਕਿ ਚੱਕਰਵਾਤੀ ਤੂਫਾਨ ਕਾਰਨ ਮਰਨ ਵਾਲੇ ਪਰਿਵਾਰ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ। ਗੁਜਰਾਤ ਪਹੁੰਚੇ ਪੀਐਮ ਮੋਦੀ ਨੇ ਰਾਜ ਵਿੱਚ ਕੋਰੋਨਾ ਵਾਇਰਸ ਦੀ ਸਥਿਤੀ ਦਾ ਜਾਇਜ਼ਾ ਵੀ ਲਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਤਾਊਤੇ ਤੂਫਾਨ ਪ੍ਰਭਾਵਿਤ ਇਲਾਕਿਆਂ ਊਨਾ, ਦੀਵ, ਜ਼ਫ਼ਰਾਬਾਦ ਅਤੇ ਮਹੂਵਾ ਖੇਤਰਾਂ ਦਾ ਹਵਾਈ ਸਰਵੇਖਣ ਕੀਤਾ। ਇਸ ਤੋਂ ਬਾਅਦ ਉਨ੍ਹਾਂ ਅਹਿਮਦਾਬਾਦ ਵਿੱਚ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਵਿਜੇ ਰੁਪਾਨੀ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਤੂਫਾਨ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਚਲਾਏ ਜਾ ਰਹੇ ਆਪ੍ਰੇਸ਼ਨਾਂ ਦਾ ਜਾਇਜ਼ਾ ਲਿਆ।
ਇਸਤੋਂ ਪਹਿਲਾਂ, ਪੀਐੱਮ ਮੋਦੀ ਸਰਵੇਖਣ ਲਈ ਸਭ ਤੋਂ ਪਹਿਲਾਂ ਭਾਵਨਗਰ ਪਹੁੰਚੇ ਸਨ। ਮੁੱਖ ਮੰਤਰੀ ਵਿਜੇ ਰੁਪਾਨੀ ਨੇ ਇਥੇ ਮੋਦੀ ਦਾ ਸਵਾਗਤ ਕੀਤਾ। ਚੱਕਰਵਾਤ ਦੇ ਕਾਰਨ ਹੋਏ ਨੁਕਸਾਨ ਦੀ ਸਮੀਖਿਆ ਕਰਨ ਤੋਂ ਬਾਅਦ ਰਾਹਤ ਪੈਕੇਜ ਦੀ ਘੋਸ਼ਣਾ ਵੀ ਕੀਤੀ ਜਾ ਸਕਦੀ ਹੈ।
ਦੂਜੇ ਪਾਸੇ ਮੁੰਬਈ ਅਤੇ ਗੁਜਰਾਤ ਵਿੱਚ ਭਾਰੀ ਤਬਾਹੀ ਕਾਰਨ ਚੱਕਰਵਾਤੀ ਤੂਫਾਨ ਕਮਜ਼ੋਰ ਹੋ ਗਿਆ ਹੈ। ਅਰਬ ਸਾਗਰ ਤੋਂ ਉੱਠਿਆ ਤੂਫਾਨ ਹੁਣ ਰਾਜਸਥਾਨ ਤੋਂ ਹੁੰਦਾ ਹੋਇਆ ਹਿਮਾਲਿਆ ਵੱਲ ਵਧਿਆ ਹੈ। ਪਰ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅੰਡੇਮਾਨ ਦੇ ਉੱਤਰੀ ਹਿੱਸੇ ਅਤੇ ਪੂਰਬੀ-ਕੇਂਦਰੀ ਬੰਗਾਲ ਦੀ ਖਾੜੀ ਵਿਚ ਇਕ ਹੋਰ ਤੂਫਾਨ ਆ ਰਿਹਾ ਹੈ। ਇਹ 24-25 ਮਈ ਨੂੰ ਚੱਕਰਵਾਤੀ ਤੂਫਾਨ ਬਣ ਜਾਵੇਗਾ। ਇਸਦਾ ਨਾਮ 'ਯਸ' ਹੈ। ਮੀਂਹ ਓਡੀਸ਼ਾ ਪੱਛਮੀ ਬੰਗਾਲ ਵਿੱਚ 26 ਮਈ ਦੀ ਸ਼ਾਮ ਤੋਂ ਸ਼ੁਰੂ ਹੋਵੇਗਾ।
ਵਿਰੋਧੀ ਨੇਤਾ ਨੇ ਚੁੱਕੇ ਸਵਾਲ
ਐਨਸੀਪੀ ਨੇਤਾ ਨਵਾਬ ਮਲਿਕ ਨੇ ਕਿਹਾ - ਤੂਫਾਨ ਕਾਰਨ ਕਰਨਾਟਕ, ਗੋਆ, ਮਹਾਰਾਸ਼ਟਰ, ਗੁਜਰਾਤ ਅਤੇ ਦੀਵ ਨੂੰ ਨੁਕਸਾਨ ਹੋਇਆ ਹੈ। ਮਹਾਰਾਸ਼ਟਰ ਦੇ 5 ਜ਼ਿਲ੍ਹਿਆਂ ਵਿੱਚ ਇੱਕ ਵੱਡੀ ਤਬਾਹੀ ਹੋਈ ਸੀ। ਪ੍ਰਧਾਨ ਮੰਤਰੀ ਦੀਵ ਅਤੇ ਗੁਜਰਾਤ ਦਾ ਹਵਾਈ ਸਰਵੇਖਣ ਕਰਨਗੇ। ਸਵਾਲ ਇਹ ਹੈ ਕਿ ਮਹਾਰਾਸ਼ਟਰ ਦਾ ਹਵਾਈ ਸਰਵੇਖਣ ਕਿਉਂ ਨਹੀਂ ਕੀਤਾ ਗਿਆ। ਕੀ ਇਹ ਵਿਤਕਰਾ ਹੈ?
ਗੁਜਰਾਤ ਵਿੱਚ ਨੁਕਸਾਨ
ਗੁਜਰਾਤ ਵਿੱਚ ਆਏ ਤੂਫਾਨ ਕਾਰਨ ਹੁਣ ਤੱਕ ਇੱਥੇ 13 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਸਮੁੰਦਰੀ ਕੰਢੇ ਦੇ ਖੇਤਰਾਂ ਵਿੱਚ ਭਾਰੀ ਨੁਕਸਾਨ ਹੋਇਆ ਹੈ। ਚੱਕਰਵਾਤ ਨਾਲ ਹੋਏ ਨੁਕਸਾਨ ਦੇ ਸਰਵੇ ਦੇ ਬਾਅਦ ਸਰਕਾਰ ਮੁਆਵਜ਼ਾ ਦੇਵੇਗੀ। ਗੁਜਰਾਤ ਵਿੱਚ, ਬਿਜਲੀ ਦੇ ਖੰਭੇ ਅਤੇ ਦਰੱਖਤ ਉੱਖੜ ਗਏ ਹਨ। ਬਹੁਤ ਸਾਰੇ ਘਰਾਂ ਅਤੇ ਸੜਕਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਕਿਹਾ ਕਿ ਚੱਕਰਵਾਤੀ ਤੂਫਾਨ ਕਾਰਨ 16,000 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ, ਜਦੋਂ ਕਿ 40 ਹਜ਼ਾਰ ਤੋਂ ਵੱਧ ਦਰੱਖਤ ਅਤੇ ਇੱਕ ਹਜ਼ਾਰ ਤੋਂ ਵੱਧ ਬਿਜਲੀ ਦੇ ਖੰਭੇ ਇਸ ਕਾਰਨ ਉੱਖੜ ਗਏ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cyclone, Modi government