Uttarakhand Rain: ਮੀਂਹ ਨਾਲ ਹੁਣ ਤੱਕ 46 ਮੌਤਾਂ, ਹੋਰ ਵਧ ਸਕਦਾ ਹੈ ਅੰਕੜਾ
ਉੱਤਰਾਖੰਡ ਵਿਚ ਭਾਰੀ ਮੀਂਹ ਕਾਰਨ ਮਰਨ ਵਾਲਿਆਂ ਦੀ ਗਿਣਤੀ 46 ਤੱਕ ਪਹੁੰਚ ਗਈ ਹੈ। ਸੋਮਵਾਰ ਤੋਂ ਹੁਣ ਤੱਕ ਦੇ ਅੰਕੜਿਆਂ ਨੂੰ ਜਾਰੀ ਕਰਦਿਆਂ ਇੱਕ ਅਧਿਕਾਰਤ ਨੋਟ ਵਿੱਚ ਕਿਹਾ ਗਿਆ ਹੈ ਕਿ ਇਹ ਅੰਕੜਾ ਹੋਰ ਵਧ ਸਕਦਾ ਹੈ ਕਿਉਂਕਿ ਨੈਨੀਤਾਲ ਸਮੇਤ ਕਈ ਖੇਤਰਾਂ ਵਿੱਚ ਲੋਕ ਲਾਪਤਾ ਹਨ।
ਹਾਲਾਤ ਅਨੁਸਾਰ ਹੁਣ ਤੱਕ ਨੈਨੀਤਾਲ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ 28 ਜਾਨਾਂ ਜਾ ਚੁੱਕੀਆਂ ਹਨ। ਜ਼ਿਲ੍ਹੇ ਵਿੱਚ ਅਜੇ ਵੀ 11 ਲੋਕ ਲਾਪਤਾ ਦੱਸੇ ਜਾ ਰਹੇ ਹਨ, ਇਸ ਲਈ ਇੱਥੇ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 12 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।
ਕੁਮਾਓਂ ਖੇਤਰ ਵਿਚ ਜ਼ਿਆਦਾ ਮੀਂਹ ਪਿਆ ਹੈ ਤੇ ਇਲਾਕੇ ਵਿਚ ਕਈ ਥਾਈਂ ਘਰ ਢਹਿ-ਢੇਰੀ ਹੋ ਗਏ ਹਨ। ਕਈ ਲੋਕ ਮਲਬੇ ਵਿਚ ਫਸੇ ਹੋਏ ਹਨ। ਨੈਨੀਤਾਲ ਦਾ ਸੰਪਰਕ ਪੂਰੇ ਸੂਬੇ ਨਾਲੋਂ ਟੁੱਟ ਗਿਆ ਹੈ। ਇਸ ਮਸ਼ਹੂਰ ਸੈਰਗਾਹ ਨੂੰ ਜਾਂਦੇ ਸਾਰੇ ਮਾਰਗ ਢਿੱਗਾਂ ਡਿਗਣ ਕਾਰਨ ਬੰਦ ਹੋ ਗਏ ਹਨ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦੱਸਿਆ ਕਿ ਬੱਦਲ ਫਟਣ ਤੇ ਜ਼ਮੀਨ ਖ਼ਿਸਕਣ ਕਾਰਨ ਕਈ ਲੋਕਾਂ ਦੇ ਮਲਬੇ ਵਿਚ ਦੱਬੇ ਹੋਣ ਦਾ ਖ਼ਦਸ਼ਾ ਹੈ। ਮੁੱਖ ਮੰਤਰੀ ਧਾਮੀ ਨੇ ਮ੍ਰਿਤਕਾਂ ਦੇ ਵਾਰਿਸਾਂ ਨੂੰ ਚਾਰ-ਚਾਰ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਫ਼ੌਜ ਦੇ ਤਿੰਨ ਹੈਲੀਕੌਪਟਰ ਸੂਬੇ ਵਿਚ ਰਾਹਤ ਤੇ ਬਚਾਅ ਕਾਰਜਾਂ ਲਈ ਲਾਏ ਗਏ ਹਨ।
ਇਨ੍ਹਾਂ ਵਿਚੋਂ ਦੋ ਨੂੰ ਨੈਨੀਤਾਲ ਭੇਜਿਆ ਗਿਆ ਹੈ ਜਿੱਥੇ ਜ਼ੋਰਦਾਰ ਮੀਂਹ ਨੇ ਵੱਡਾ ਨੁਕਸਾਨ ਕੀਤਾ ਹੈ। ਨੈਨੀਤਾਲ ਦਾ ਮਾਲ ਰੋਡ ਤੇ ਨੈਨੀ ਝੀਲ ਦੇ ਕੰਢੇ ਸਥਿਤ ਨੈਨਾ ਦੇਵੀ ਮੰਦਰ ਵੀ ਪਾਣੀ ਵਿਚ ਡੁੱਬੇ ਹੋਏ ਹਨ। ਜ਼ਿਲ੍ਹਾ ਪ੍ਰਸ਼ਾਸਨ ਸ਼ਹਿਰ ਵਿਚ ਫਸੇ ਸੈਲਾਨੀਆਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਪ੍ਰਸ਼ਾਸਨ ਨੇ ਮੌਸਮ ਠੀਕ ਹੋਣ ਤੱਕ ਸੈਲਾਨੀਆਂ ਨੂੰ ਰੁਕਣ ਲਈ ਕਿਹਾ ਹੈ।
ਸ਼ਹਿਰ ਤੋਂ ਬਾਹਰ ਜਾਂਦੇ ਸਾਰੇ ਰਾਸਤੇ ਬੰਦ ਹਨ। ਨੈਨੀਤਾਲ ਸ਼ਹਿਰ ਦੀ ਬਿਜਲੀ, ਟੈਲੀਕਾਮ ਤੇ ਇੰਟਰਨੈੱਟ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਨੈਨੀਤਾਲ ਜ਼ਿਲ੍ਹੇ ਦੇ ਮੁਕਤੇਸ਼ਵਰ ਤੇ ਖ਼ੈਰਨਾ ਇਲਾਕਿਆਂ ਵਿਚ ਜ਼ੋਰਦਾਰ ਮੀਂਹ ਕਾਰਨ ਘਰ ਢਹਿ-ਢੇਰੀ ਹੋ ਗਏ ਤੇ ਲੋਕਾਂ ਦੀ ਮੌਤ ਹੋ ਗਈ। ਊਧਮ ਸਿੰਘ ਨਗਰ ਜ਼ਿਲ੍ਹੇ ਵਿਚ ਇਕ ਵਿਅਕਤੀ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ।
ਅਲਮੋੜਾ ਜ਼ਿਲ੍ਹੇ ਦੇ ਇਕ ਪਿੰਡ ਵਿਚ ਚਾਰ ਜਣੇ ਮਲਬੇ ਵਿਚ ਫਸ ਗਏ ਤੇ ਉਨ੍ਹਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਜੋਸ਼ੀਮੱਠ ਤੇ ਚਮੇਲੀ ਜ਼ਿਲ੍ਹਿਆਂ ਵਿਚ ਵੀ ਜ਼ਮੀਨ ਖ਼ਿਸਕਣ ਕਾਰਨ ਲੋਕ ਫਸੇ ਹੋਏ ਹਨ।
Published by:Gurwinder Singh
First published: