ਦਿੱਲੀ-ਦੋਹਾ ਇੰਡੀਗੋ ਫਲਾਈਟ '(Delhi-Doha IndiGo Flight) ਵਿਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੰਡੀਗੋ ਏਅਰਲਾਈਨ (IndiGo Airline) ਦੇ ਇਕ ਜਹਾਜ਼ ਨੇ ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ 'ਤੇ ਇਕ ਯਾਤਰੀ ਦੇ ਬਿਮਾਰ ਹੋਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕੀਤੀ।
ਇੰਡੀਗੋ ਏਅਰਲਾਈਨ ਨੇ ਕਿਹਾ ਕਿ ਹਵਾਈ ਅੱਡੇ ਉਤੇ ਮੈਡੀਕਲ ਟੀਮ ਨੇ ਯਾਤਰੀ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸ ਦਈਏ ਕਿ ਯਾਤਰੀ ਨਾਈਜੀਰੀਆ ਦਾ ਨਾਗਰਿਕ ਸੀ।
ਇੰਡੀਗੋ ਏਅਰਲਾਈਨਜ਼ ਦੀ ਫਲਾਈਟ 6E-1736 ਦਾ ਇਕ ਯਾਤਰੀ ਉਡਾਣ ਦੌਰਾਨ ਹੀ ਠੀਕ ਮਹਿਸੂਸ ਨਹੀਂ ਕਰ ਰਿਹਾ ਸੀ। ਇਸ ਤੋਂ ਬਾਅਦ ਫਲਾਈਟ ਦੇ ਪਾਇਲਟ ਨੇ ਕਰਾਚੀ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਕੀਤਾ ਅਤੇ ਮੈਡੀਕਲ ਐਮਰਜੈਂਸੀ ਸਥਿਤੀ ਬਾਰੇ ਜਾਣਕਾਰੀ ਦਿੱਤੀ।
ਕਰਾਚੀ ਵਿੱਚ ਸਿਵਲ ਏਵੀਏਸ਼ਨ ਅਥਾਰਟੀ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਇੱਕ ਭਾਰਤੀ ਏਅਰਲਾਈਨ ਦੀ ਉਡਾਣ ਦਿੱਲੀ ਤੋਂ ਦੁਬਈ ਜਾ ਰਹੀ ਸੀ ਜਦੋਂ ਇੱਕ ਯਾਤਰੀ ਫਲਾਈਟ ਵਿਚ ਬਿਮਾਰ ਹੋ ਗਿਆ।
ਇੰਡੀਗੋ ਫਲਾਈਟ ਦੇ ਪਾਇਲਟ ਨੇ ਮੈਡੀਕਲ ਐਮਰਜੈਂਸੀ ਕਾਰਨ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ ਸੀ, ਜਿਸ ਨੂੰ ਕਰਾਚੀ ਹਵਾਈ ਅੱਡੇ ਉਤੇ ਏਅਰ ਟ੍ਰੈਫਿਕ ਕੰਟਰੋਲਰ ਨੇ ਮਨਜ਼ੂਰੀ ਦੇ ਦਿੱਤੀ। ਯਾਤਰੀ ਦੀ ਪਛਾਣ ਅਬਦੁੱਲਾ (60) ਵਜੋਂ ਹੋਈ ਹੈ, ਜੋ ਨਾਈਜੀਰੀਆ ਦਾ ਨਾਗਰਿਕ ਹੈ। ਹਾਲਾਂਕਿ ਫਲਾਈਟ ਦੇ ਲੈਂਡਿੰਗ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। CAA ਅਤੇ NIH ਦੇ ਡਾਕਟਰਾਂ ਨੇ ਯਾਤਰੀ ਦਾ ਮੌਤ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਹੈ।
ਇੰਡੀਗੋ ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਦਿੱਲੀ ਤੋਂ ਦੋਹਾ ਜਾਣ ਵਾਲੀ ਇੰਡੀਗੋ ਦੀ ਉਡਾਣ 6E-1736 ਨੂੰ ਮੈਡੀਕਲ ਐਮਰਜੈਂਸੀ ਕਾਰਨ ਕਰਾਚੀ ਵੱਲ ਮੋੜ ਦਿੱਤਾ ਗਿਆ ਸੀ। ਬਦਕਿਸਮਤੀ ਨਾਲ ਲੈਂਡਿੰਗ ਤੋਂ ਬਾਅਦ ਹਵਾਈ ਅੱਡੇ ਦੀ ਮੈਡੀਕਲ ਟੀਮ ਦੁਆਰਾ ਯਾਤਰੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਬਿਆਨ ਵਿਚ ਅੱਗੇ ਕਿਹਾ ਗਿਆ ਹੈ, 'ਅਸੀਂ ਇਸ ਖ਼ਬਰ ਤੋਂ ਬਹੁਤ ਦੁਖੀ ਹਾਂ ਅਤੇ ਸਾਡੀਆਂ ਪ੍ਰਾਰਥਨਾਵਾਂ ਉਸ ਦੇ ਪਰਿਵਾਰ ਅਤੇ ਪਿਆਰਿਆਂ ਨਾਲ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Airport, Airports Authority of India, Amritsar airport, Emergency landing