ਨਵੀਂ ਦਿੱਲੀ: ਪੈਗੰਬਰ ਮੁਹੰਮਦ ਖਿਲਾਫ ਕਥਿਤ ਤੌਰ 'ਤੇ ਵਿਵਾਦਿਤ ਟਿੱਪਣੀ ਕਰਨ ਲਈ ਭਾਜਪਾ ਦੀ ਸਾਬਕਾ ਬੁਲਾਰਾ ਨੂਪੁਰ ਸ਼ਰਮਾ ਨੂੰ ਧਮਕੀ ਦੇਣ ਵਾਲੇ ਭੀਮ ਆਰਮੀ ਚੀਫ ਦੇ ਖਿਲਾਫ ਦਿੱਲੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਭੀਮ ਆਰਮੀ ਦੇ ਮੁਖੀ ਨਵਾਬ ਸਤਪਾਲ ਤੰਵਰ ਨੂੰ ਭਾਜਪਾ ਬੁਲਾਰਾ ਨੂਪੁਰ ਸ਼ਰਮਾ ਵਿਰੁੱਧ ਹਿੰਸਾ ਕਰਨ ਅਤੇ ਧਮਕੀ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਦੱਸ ਦੇਈਏ ਕਿ ਸਤਪਾਲ ਤੰਵਰ ਨੇ ਪਿਛਲੇ ਦਿਨੀਂ ਐਲਾਨ ਕੀਤਾ ਸੀ ਕਿ ਜੋ ਵੀ ਨੂਪੁਰ ਸ਼ਰਮਾ ਦੀ ਜ਼ੁਬਾਨ ਲਿਆਵੇਗਾ, ਉਸ ਨੂੰ ਇੱਕ ਕਰੋੜ ਦਾ ਇਨਾਮ ਦਿੱਤਾ ਜਾਵੇਗਾ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ IFSO (ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟਜਿਕ ਆਪ੍ਰੇਸ਼ਨਜ਼) ਯੂਨਿਟ ਨੇ ਵੀਰਵਾਰ ਨੂੰ ਨਵਾਬ ਸਤਪਾਲ ਤੰਵਰ ਨੂੰ ਗੁਰੂਗ੍ਰਾਮ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀ ਅਜਿਹੇ ਸਮੇਂ ਹੋਈ ਹੈ ਜਦੋਂ ਗੁਰੂਗ੍ਰਾਮ ਪੁਲਿਸ ਨੇ ਤੰਵਰ ਦੇ ਖਿਲਾਫ ਵੱਖ-ਵੱਖ ਸਮੂਹਾਂ ਵਿਚਕਾਰ ਦੁਸ਼ਮਣੀ, ਉਕਸਾਉਣ, ਜਾਣਬੁੱਝ ਕੇ ਬੇਇੱਜ਼ਤੀ ਕਰਨ ਅਤੇ ਅਪਰਾਧਿਕ ਧਮਕਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਭਾਜਪਾ ਯੂਥ ਵਿੰਗ ਦੀ ਪ੍ਰਧਾਨ ਸਰਵਪ੍ਰਿਆ ਤਿਆਗੀ ਨੇ ਸਤਪਾਲ ਤੰਵਰ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ।
ਸਾਈਬਰ ਸੈੱਲ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਵੀਡੀਓ ਦਾ ਨੋਟਿਸ ਲਿਆ ਹੈ, ਜਿਸ ਵਿੱਚ ਉਸਨੂੰ ਜਾਨਲੇਵਾ ਧਮਕੀਆਂ ਵਾਲੇ ਬਿਆਨ ਦਿੰਦੇ ਸੁਣਿਆ ਜਾ ਸਕਦਾ ਹੈ ਅਤੇ ਉਹ ਵੀਡੀਓ ਰਾਹੀਂ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ। ਅਸੀਂ ਸਤਪਾਲ ਤੰਵਰ ਨੂੰ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਹੈ। ਉਨ੍ਹਾਂ 'ਤੇ ਆਈਪੀਸੀ ਦੀਆਂ ਧਾਰਾਵਾਂ 506 (ਅਪਰਾਧਿਕ ਧਮਕੀ), 509 (ਇੱਕ ਔਰਤ ਦਾ ਅਪਮਾਨ) ਅਤੇ 153ਏ (ਵੱਖ-ਵੱਖ ਸਮੂਹਾਂ ਵਿਚਕਾਰ ਦੁਸ਼ਮਣੀ ਨੂੰ ਉਤਸ਼ਾਹਿਤ ਕਰਨਾ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਨੇ ਕਿਹਾ ਕਿ ਤੰਵਰ ਨੇ ਕਥਿਤ ਤੌਰ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ ਅਤੇ ਪਹਿਲਾਂ ਵੀ ਇਨਾਮ ਦਾ ਐਲਾਨ ਕੀਤਾ ਸੀ। ਸਾਈਬਰ ਸੈੱਲ ਦੀ ਟੀਮ ਉਸ ਤੋਂ ਪੁੱਛਗਿੱਛ ਕਰ ਰਹੀ ਹੈ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਗਿਆਨਵਾਪੀ ਮਸਜਿਦ 'ਚ ਮਿਲੇ ਕਥਿਤ ਸ਼ਿਵਲਿੰਗ ਦੇ ਮੁੱਦੇ 'ਤੇ ਇਕ ਟੀਵੀ ਬਹਿਸ ਦੌਰਾਨ ਨੂਪੁਰ ਸ਼ਰਮਾ ਨੇ ਪੈਗੰਬਰ ਮੁਹੰਮਦ ਬਾਰੇ ਕਥਿਤ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਇਹ ਹੰਗਾਮਾ ਸ਼ੁਰੂ ਹੋ ਗਿਆ ਸੀ। ਇਸ ਟਿੱਪਣੀ ਕਾਰਨ ਭਾਜਪਾ ਨੇ ਨੂਪੁਰ ਸ਼ਰਮਾ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।