ਨਵੀਂ ਦਿੱਲੀ: ਪੈਗੰਬਰ ਮੁਹੰਮਦ 'ਤੇ ਕਥਿਤ ਤੌਰ 'ਤੇ ਟਿੱਪਣੀ ਕਰਨ ਦੇ ਦੋਸ਼ 'ਚ ਭਾਜਪਾ ਦੀ ਸਾਬਕਾ ਬੁਲਾਰੇ ਨੂਪੁਰ ਸ਼ਰਮਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਦਿੱਲੀ ਦੀ ਜਾਮਾ ਮਸਜਿਦ ਦੇ ਬਾਹਰ ਪ੍ਰਦਰਸ਼ਨ ਹੋ ਰਿਹਾ ਹੈ। ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਲੋਕਾਂ ਨੇ ਜਾਮਾ ਮਸਜਿਦ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਨੂਪੁਰ ਸ਼ਰਮਾ ਅਤੇ ਹੋਰਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਇਸ ਦੌਰਾਨ ਜਾਮਾ ਮਸਜਿਦ ਦੇ ਬਾਹਰ ਭਾਰੀ ਭੀੜ ਦੇਖਣ ਨੂੰ ਮਿਲੀ। ਫਿਲਹਾਲ ਪੁਲਸ ਵੀ ਮੌਕੇ 'ਤੇ ਤਾਇਨਾਤ ਹੈ ਅਤੇ ਲੋਕਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਨਿਊਜ਼ ਏਜੰਸੀ ਏਐਨਆਈ ਮੁਤਾਬਕ ਦਿੱਲੀ ਪੁਲਿਸ ਨੇ ਕਿਹਾ ਕਿ ਲੋਕਾਂ ਨੇ ਜਾਮਾ ਮਸਜਿਦ 'ਚ ਮੁਅੱਤਲ ਭਾਜਪਾ ਨੇਤਾ ਨੂਪੁਰ ਸ਼ਰਮਾ ਅਤੇ ਭਾਜਪਾ ਨੇਤਾ ਨਵੀਨ ਕੁਮਾਰ ਜਿੰਦਲ ਦੇ ਬਿਆਨਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ। ਅਸੀਂ ਲੋਕਾਂ ਨੂੰ ਉਥੋਂ ਹਟਾ ਦਿੱਤਾ ਹੈ ਅਤੇ ਸਥਿਤੀ ਹੁਣ ਕਾਬੂ ਹੇਠ ਹੈ।
ਇਸ ਦੇ ਨਾਲ ਹੀ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਪ੍ਰਦਰਸ਼ਨਕਾਰੀ ਕੌਣ ਹਨ, ਮੈਨੂੰ ਲੱਗਦਾ ਹੈ ਕਿ ਉਹ ਏਆਈਐਮਆਈਐਮ ਜਾਂ ਓਵੈਸੀ ਦੇ ਲੋਕ ਹਨ। ਅਸੀਂ ਸਪੱਸ਼ਟ ਕੀਤਾ ਕਿ ਜੇਕਰ ਉਹ ਵਿਰੋਧ ਕਰਨਾ ਚਾਹੁੰਦੇ ਹਨ ਤਾਂ ਕਰ ਸਕਦੇ ਹਨ, ਪਰ ਅਸੀਂ ਉਨ੍ਹਾਂ ਦਾ ਸਮਰਥਨ ਨਹੀਂ ਕਰਾਂਗੇ। ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਨਾ ਸਿਰਫ ਦਿੱਲੀ ਦੀ ਜਾਮਾ ਮਸਜਿਦ ਸਗੋਂ ਸਹਾਰਨਪੁਰ ਅਤੇ ਲਖਨਊ 'ਚ ਵੀ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਹਨ।
ਦਰਅਸਲ, ਪਿਛਲੇ ਦਿਨੀਂ ਨੂਪੁਰ ਸ਼ਰਮਾ ਨੇ ਗਿਆਨਵਾਪੀ ਮਸਜਿਦ ਪਰਿਸਰ ਵਿੱਚ ਮਿਲੇ ਕਥਿਤ ਸ਼ਿਵਲਿੰਗ ਮੁੱਦੇ 'ਤੇ ਇੱਕ ਟੀਵੀ ਬਹਿਸ ਦੌਰਾਨ ਪੈਗੰਬਰ ਮੁਹੰਮਦ ਵਿਰੁੱਧ ਕਥਿਤ ਤੌਰ 'ਤੇ ਵਿਵਾਦਿਤ ਟਿੱਪਣੀ ਕੀਤੀ ਸੀ। ਇਸ ਟਿੱਪਣੀ ਤੋਂ ਬਾਅਦ ਨਾ ਸਿਰਫ ਉਨ੍ਹਾਂ ਦੀ ਆਲੋਚਨਾ ਹੋਈ, ਸਗੋਂ ਭਾਜਪਾ ਨੇ ਉਨ੍ਹਾਂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ। ਹਾਲਾਂਕਿ ਇਸ ਟਿੱਪਣੀ ਤੋਂ ਬਾਅਦ ਨੂਪੁਰ ਸ਼ਰਮਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ, ਜਿਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਅਤੇ ਐਫਆਈਆਰ ਦਰਜ ਕਰਨ ਤੋਂ ਬਾਅਦ ਦਿੱਲੀ ਪੁਲਿਸ ਨੇ ਉਸ ਨੂੰ ਸੁਰੱਖਿਆ ਮੁਹੱਈਆ ਕਰਵਾਈ।
ਇੱਥੇ ਦੱਸਣਾ ਜ਼ਰੂਰੀ ਹੈ ਕਿ ਦਿੱਲੀ ਪੁਲਿਸ ਨੇ ਨੂਪੁਰ ਸ਼ਰਮਾ ਦੇ ਖਿਲਾਫ ਵੀ ਕਾਰਵਾਈ ਕੀਤੀ ਹੈ। ਦਿੱਲੀ ਪੁਲਿਸ ਨੇ ਨਫਰਤ ਫੈਲਾਉਣ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਭਾਜਪਾ ਦੀ ਸਾਬਕਾ ਰਾਸ਼ਟਰੀ ਬੁਲਾਰੇ ਨੂਪੁਰ ਸ਼ਰਮਾ ਸਮੇਤ 31 ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ। ਦਿੱਲੀ ਪੁਲਿਸ ਨੇ ਦੋ ਐਫਆਈਆਰ ਦਰਜ ਕੀਤੀਆਂ ਹਨ ਅਤੇ ਓਵੈਸੀ ਦਾ ਨਾਂ ਵੀ ਸ਼ਾਮਲ ਹੈ। ਇੰਨਾ ਹੀ ਨਹੀਂ ਦਿੱਲੀ ਭਾਜਪਾ ਦੇ ਮੀਡੀਆ ਸੈੱਲ ਦੇ ਸਾਬਕਾ ਮੁਖੀ ਨਵੀਨ ਕੁਮਾਰ ਜਿੰਦਲ, ਪੱਤਰਕਾਰ ਸਬਾ ਨਕਵੀ ਤੇ ਹੋਰ ਵੀ ਸ਼ਾਮਲ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।