ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਖ਼ਤਮ ਹੋ ਗਈ ਹੈ। ਅਜਿਹੇ ਵਿਚ ਹੁਣ ਭਾਜਪਾ ਉਮੀਦਵਾਰ ਪੂਰੇ ਜੋਸ਼ ਨਾਲ ਪ੍ਰਚਾਰ 'ਚ ਲੱਗੇ ਹੋਏ ਹਨ। ਦੂਜੇ ਪਾਸੇ ਬਲਾਤਕਾਰ ਕੇਸ ਵਿਚ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਸ਼ਰਨ ਲੈਣ ਲਈ ਵੀ ਸਿਆਸੀ ਆਗੂ ਭੱਜ-ਨੱਠ ਕਰ ਰਹੇ ਹਨ। ਰਾਮ ਰਹੀਮ 40 ਦਿਨਾਂ ਦੀ ਪੈਰੋਲ ਉਤੇ ਬਾਹਰ ਆਇਆ ਹੋਇਆ ਹੈ। ਇਸ ਦੌਰਾਨ ਚੋਣਾਂ ਵਾਲੇ ਸੂਬਿਆਂ ਦੇ ਸਿਆਸੀ ਆਗੂ ਉਨ੍ਹਾਂ ਦੀ ਸ਼ਰਨ ਵਿਚ ਜਾ ਰਹੇ ਹਨ।
ਮੌਜੂਦਾ ਭਾਜਪਾ ਸਰਕਾਰ ਵਿਚ ਉਦਯੋਗ ਮੰਤਰੀ ਬਿਕਰਮ ਸਿੰਘ ਠਾਕੁਰ ਨੇ ਰਾਮ ਰਹੀਮ ਦਾ ਆਸ਼ੀਰਵਾਦ ਲਿਆ ਹੈ। ਬਿਕਰਮ ਸਿੰਘ ਠਾਕੁਰ ਨੇ ਉਨ੍ਹਾਂ ਦੇ ਦਰਬਾਰ ਵਿਚ ਹਾਜ਼ਰੀ ਭਰੀ। ਦੱਸ ਦਈਏ ਕਿ ਸਾਧਵੀਆਂ ਨਾਲ ਬਲਾਤਕਾਰ ਮਾਮਲੇ 'ਚ ਦੋਸ਼ੀ ਰਾਮ ਰਹੀਮ ਫਿਲਹਾਲ ਪੈਰੋਲ ਉਤੇ ਹੈ ਅਤੇ ਯੂਪੀ ਦੇ ਬਾਗਪਤ ਵਿਚ ਆਰਾਮ ਫਰਮਾ ਰਿਹਾ ਹੈ।
ਦਰਅਸਲ, ਹਿਮਾਚਲ ਪ੍ਰਦੇਸ਼ ਸਰਕਾਰ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਠਾਕੁਰ ਇੱਕ ਵਾਰ ਫਿਰ ਚੋਣ ਮੈਦਾਨ ਵਿਚ ਹਨ। ਰਾਮ ਰਹੀਮ ਦੇ ਦਰਬਾਰ 'ਚ ਹਾਜ਼ਰੀ ਭਰਦੇ ਹੋਏ ਉਨ੍ਹਾਂ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਹੁਣ ਕਾਂਗਰਸ ਨੇ ਪੂਰੇ ਮਾਮਲੇ ਉਤੇ ਭਾਜਪਾ ਨੂੰ ਘੇਰਿਆ ਹੈ। ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਭਾਜਪਾ ਹਮੇਸ਼ਾ ਰਾਮ ਰਹੀਮ ਨੂੰ ਚੋਣ ਲਾਭ ਲੈਣ ਲਈ ਵਰਤਦੀ ਹੈ।
ਆਨਲਾਈਨ ਸਤਿਸੰਗ ਵਿਚ ਹਾਜ਼ਰੀ ਭਰਦਿਆਂ ਬਿਕਰਮ ਸਿੰਘ ਠਾਕੁਰ ਨੇ ਕਿਹਾ ਕਿ ਮੈਂ ਸਥਾਨਕ ਵਿਧਾਇਕ ਅਤੇ ਮੰਤਰੀ ਹਾਂ। ਮੈਂ ਤੁਹਾਡਾ ਅਸ਼ੀਰਵਾਦ ਲੈਣ ਆਇਆ ਹਾਂ। ਜਿਸ ਤਰ੍ਹਾਂ ਤੁਸੀਂ ਪੰਜਾਬ ਤੇ ਹਰਿਆਣਾ ਵਿੱਚ ਪੁੰਨ ਦਾ ਕੰਮ ਕਰ ਰਹੇ ਹੋ, ਇਸ ਤੋਂ ਵੱਡਾ ਹੋਰ ਕੁਝ ਨਹੀਂ ਹੋ ਸਕਦਾ।
ਹਿਮਾਚਲ ਦੇ ਲੋਕਾਂ ਨੂੰ ਤੁਹਾਡੇ ਦਰਸ਼ਨ ਹੁੰਦੇ ਰਹਿਣ ਅਤੇ ਤੁਹਾਡੇ ਵਿਚਾਰ ਉਨ੍ਹਾਂ ਨੂੰ ਸੁਣਦੇ ਰਹਿਣ। ਇਸ ਉਤੇ ਰਾਮ ਰਹੀਮ ਨੇ ਜਵਾਬ ਦਿੱਤਾ ਕਿ ਮੈਂ ਹਿਮਾਚਲ ਦੇ ਹਰ ਕੋਨੇ 'ਚ ਗਿਆ ਹਾਂ। ਹੁਣ ਤੱਕ 135 ਸਤਿਸੰਗ ਹੋ ਚੁੱਕੇ ਹਨ। ਹਿਮਾਚਲ ਪ੍ਰਦੇਸ਼ ਦੇ ਲੋਕ ਬਹੁਤ ਪਿਆਰੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gurmeet Ram Rahim, Gurmeet Ram Rahim Singh, Himachal Election