ਐਲੋਨ ਮਸਕ ਨੇ ਜਦੋਂ ਦਾ ਟਵਿੱਟਰ ਨੂੰ ਹਾਸਲ ਕੀਤਾ ਹੈ ਕੰਪਨੀ ਦੇ ਕਰਮਚਾਰੀ ਹੈਰਾਨ ਅਤੇ ਪਰੇਸ਼ਾਨ ਕਰ ਦਿੱਤੇ ਹਨ। ਕਦੇ ਛਾਂਟੀ, ਕਦੇ ਘਰੋਂ ਕੰਮ ਖਤਮ ਕਰਨ ਅਤੇ ਕਦੇ ਜ਼ਿਆਦਾ ਘੰਟੇ ਕੰਮ ਕਰਨ ਦੇ ਹੁਕਮਾਂ ਕਾਰਨ ਮੁਲਾਜ਼ਮ ਕਾਫੀ ਪਰੇਸ਼ਾਨ ਚੱਲ ਰਹੇ ਹਨ। ਹੁਣ ਇਹ ਖਬਰ ਸਾਹਮਣੇ ਆਈ ਹੈ ਕਿ ਐਲੋਨ ਮਸਕ ਕੰਪਨੀ ਦੇ ਖਰਚਿਆਂ ਨੂੰ ਘੱਟ ਕਰਨ ਲਈ ਦੁਨੀਆ ਭਰ ਵਿੱਚ ਕਈ ਥਾਵਾਂ ਤੋਂ ਟਵਿਟਰ ਦੇ ਦਫਤਰ ਖਾਲੀ ਕੀਤੇ ਜਾ ਰਹੇ ਹਨ । ਭਾਰਤ ਦੇ ਵਿੱਚ ਵੀ ਇਹ ਸ਼ੁਰੂ ਹੋ ਗਿਆ ਹੈ। ਇਸ ਪੂਰੇ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਦਾ ਕਹਿਣਾ ਹੈ ਕਿਹਾ ਕਿ ਟਵਿੱਟਰ ਦਿੱਲੀ ਅਤੇ ਮੁੰਬਈ ਵਿੱਚ ਆਪਣੀਆਂ ਸਹਿ-ਕਾਰਜਸ਼ੀਲ ਸੀਟਾਂ ਖਾਲੀ ਕਰਨ ਬਾਰੇ ਵਿਚਾਰ ਕਰ ਰਿਹਾ ਹੈ ਅਤੇ ਪਹਿਲਾਂ ਹੀ ਬੈਂਗਲੁਰੂ ਸਹੂਲਤ ਛੱਡ ਚੁੱਕਾ ਹੈ।
ਸੂਤਰਾਂ ਦੇ ਮੁਤਾਬਕ ਕਾਰਵਾਈ ਦਸੰਬਰ ਮਹੀਨੇ ਦੇ ਵਿੱਚ ਸ਼ੁਰੂ ਹੋ ਗਈ ਸੀ। ਕੰਪਨੀ ਕੋਲ ਬੀਕੇਸੀ, ਮੁੰਬਈ ਵਿੱਚ ਆਪਣੀ WeWork ਸਹੂਲਤ ਵਿੱਚ ਤਕਰੀਬਨ 150 ਸੀਟਾਂ ਹਨ ਅਤੇ ਦਿੱਲੀ ਦੇ ਕੁਤੁਬ ਵਿੱਚ ਇਸ ਦੇ ਕਾਰਜਕਾਰੀ ਕੇਂਦਰ ਵਿੱਚ ਲਗਭਗ 80 ਸੀਟਾਂ ਹਨ। ਕੰਪਨੀ ਕੋਲ ਬੈਂਗਲੁਰੂ ਵਿੱਚ ਕੁਝ ਸਹਿ-ਕਾਰਜਸ਼ੀਲ ਸੀਟਾਂ ਵੀ ਸਨ ਜੋ ਛੱਡ ਦਿੱਤੀਆਂ ਗਈਆਂ ਹਨ।
ਪਿਛਲੇ ਸਾਲ ਨਵੰਬਰ ਮਹੀਨੇ ਦੇ ਵਿੱਚ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਟਵਿੱਟਰ ਨੇ ਐਲਾਨ ਕੀਤਾ ਸੀ ਕਿ ਉਹ ਆਪਣੇ ਕੁਝ ਦਫਤਰਾਂ ਨੂੰ ਅਸਥਾਈ ਤੌਰ 'ਤੇ ਬੰਦ ਕਰਨ ਜਾ ਰਿਹਾ ਹੈ। ਇਸ ਤੋਂ ਬਾਅਦ 11 ਜਨਵਰੀ ਨੂੰ ਟਵਿੱਟਰ ਨੇ ਸਿੰਗਾਪੁਰ ਦਫਤਰ ਦੇ ਕਰਮਚਾਰੀਆਂ ਨੂੰ ਇਮਾਰਤ ਖਾਲੀ ਕਰਨ ਲਈ ਕਿਹਾ ਗਿਆ ਹੈ। ਮੀਡੀਆ ਰਿਪੋਰਟਾਂ ਦੇ ਵਿੱਚ ਕਿਹਾ ਗਿਆ ਹੈ ਕਿ ਉਸ ਨੂੰ ਈਮੇਲ ਰਾਹੀਂ ਦੱਸਿਆ ਗਿਆ ਸੀ ਕਿ ਉਸ ਨੂੰ ਵੀਰਵਾਰ ਤੋਂ ਕੈਪੀਟਾ ਗ੍ਰੀਨ ਬਿਲਡਿੰਗ ਛੱਡਣ ਅਤੇ ਘਰ ਤੋਂ ਕੰਮ ਕਰਨ ਲਈ ਕਿਹਾ ਗਿਆ ਹੈ। ਕੰਪਨੀ ਦਾ ਏਸ਼ੀਆ-ਪ੍ਰਸ਼ਾਂਤ ਹੈੱਡਕੁਆਰਟਰ ਸਿੰਗਾਪੁਰ ਵਿੱਚ ਹੈ।
ਹਾਲਾਂਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਹਨ ਕਿ ਟਵਿਟਰ ਨੇ ਕਈ ਹਫਤਿਆਂ ਤੋਂ ਆਪਣੇ ਹੈੱਡਕੁਆਰਟਰ ਜਾਂ ਕਿਸੇ ਹੋਰ ਗਲੋਬਲ ਦਫਤਰ ਦਾ ਕਿਰਾਇਆ ਨਹੀਂ ਦਿੱਤਾ ਹੈ। ਟਵਿੱਟਰ ਨੂੰ ਸੈਨ ਫਰਾਂਸਿਸਕੋ ਵਿੱਚ ਇੱਕ ਦਫਤਰ ਦੀ ਜਗ੍ਹਾ ਦਾ ਕਿਰਾਇਆ ਨਾ ਦੇਣ ਲਈ ਇੱਕ ਕਾਨੂੰਨੀ ਮੁਕੱਦਮੇ ਦਾ ਸਾਹਮਣਾ ਕਰਨਾ ਪਿਆ।
ਜ਼ਿਕਰਯੋਗ ਹੈ ਕਿ ਐਲੋਨ ਮਸਕ ਨੇ ਪਿਛਲੇ ਸਾਲ ਅਕਤੂਬਰ ਮਹੀਨੇ ਦੇ ਵਿੱਚ ਟਵਿਟਰ ਨੂੰ ਐਕਵਾਇਰ ਕੀਤਾ ਸੀ। ਇਸ ਤੋਂ ਬਾਅਦ, ਖਰਚੇ ਘਟਾਉਣ ਲਈ, ਕੰਪਨੀ ਨੇ ਆਪਣੇ ਅੱਧੇ ਸਟਾਫ ਦੀ ਛਾਂਟੀ ਕੀਤੀ ਅਤੇ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ। ਇਸ ਫੈਸਲੇ ਕਾਰਨ ਐਲੋਨ ਮਸਕ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।