• Home
 • »
 • News
 • »
 • national
 • »
 • ENTERTAINMENT NEWS SHAHRUKH KHAN SON ARYAN RELEASED FROM JAIL AP

3 ਹਫ਼ਤਿਆਂ ਦੇ ਇੰਤਜ਼ਾਰ ਤੋਂ ਬਾਅਦ ਆਰਿਅਨ ਖ਼ਾਨ ਕਰੂਜ਼ ਡਰੱਗ ਮਾਮਲੇ ‘ਚ ਆਰਥਰ ਰੋਡ ਜੇਲ੍ਹ ਤੋਂ ਰਿਹਾਅ

ਆਰਿਅਨ ਖ਼ਾਨ ਕਰੂਜ਼ ਡਰੱਗ ਮਾਮਲੇ ‘ਚ ਆਰਥਰ ਰੋਡ ਜੇਲ੍ਹ ਤੋਂ ਰਿਹਾਅ, ਵਿਸ਼ੇਸ਼ ਸ਼ਰਤਾਂ ਤੋਂ ਬਾਅਦ ਮਿਲੀ ਰਿਹਾਈ

 • Share this:
  ਆਖ਼ਰਕਾਰ 3 ਹਫ਼ਤਿਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਬਾਲੀਵੁੱਡ ਦੇ ਦਿੱਗਜ ਕਲਾਕਾਰ ਸ਼ਾਹਰੁਖ਼ ਖ਼ਾਨ ਦੇ ਬੇਟੇ ਆਰਿਅਨ ਨੂੰ ਰਿਹਾਈ ਮਿਲ ਗਈ ਹੈ। ਮੁੰਬਈ ਦੀ ਆਰਥਰ ਰੋਡ ਜੇਲ੍ਹ ਤੋਂ ਆਰਿਅਨ ਨੂੰ ਲੈਣ ਲਈ ਸ਼ਾਹਰੁਖ਼ ਤੇ ਗੌਰੀ ਦੋਵੇਂ ਪਹੁੰਚੇ ਸਨ ਅਤੇ ਬੇਟੇ ਨੂੰ ਜੇਲ੍ਹ ਤੋਂ ਰਿਹਾਅ ਦੇਖ ਕੇ ਆਰਿਅਨ ਤੇ ਉਸ ਦੇ ਮਾਤਾ ਪਿਤਾ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਦੱਸ ਦਈਏ ਕਿ ਆਰਿਅਨ ਨੂੰ ਕਰੂਜ਼ ਡਰੱਗ ਮਾਮਲੇ ‘ਚ 2 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਜ਼ਮਾਨਤ ਲਈ ਕਾਫ਼ੀ ਸੰਘਰਸ਼ ਕੀਤਾ, ਪਰ ਸਫ਼ਲਤਾ ਹੱਥ ਨਹੀਂ ਲੱਗੀ। ਆਖ਼ਰਕਾਰ ਬੌਂਬੇ ਹਾਈ ਕੋਰਟ ਨੇ ਵਿਸ਼ੇਸ਼ ਸ਼ਰਤਾਂ ਲਗਾਉਣ ਤੋਂ ਬਾਅਦ ਆਰਿਅਨ ਦੀ ਜ਼ਮਾਨਤ ਅਰਜ਼ੀ ਨੂੰ ਮਨਜ਼ੂਰੀ ਦਿੱਤੀ।

  ਜਾਣਕਾਰੀ ਦੇ ਮੁਤਾਬਕ ਆਰਿਅਨ ਨੂੰ ਸ਼ੁੱਕਰਵਾਰ ਨੂੰ ਹੀ ਰਿਹਾਈ ਮਿਲ ਜਾਣੀ ਸੀ, ਪਰ ਜ਼ਮਾਨਤ ਦੇ ਕਾਗ਼ਜ਼ਾਤ ਪੂਰੇ ਨਾ ਹੋਣ ਕਾਰਨ ਗੱਲ ਸ਼ਨੀਵਾਰ ਤੱਕ ਟਲ ਗਈ ਅਤੇ ਅੱਜ ਆਰਿਅਨ ਨੂੰ ਰਿਹਾਈ ਮਿਲੀ। ਦੱਸ ਦਈਏ ਕਿ ਆਰਿਅਨ ਦੀ ਜ਼ਮਾਨਤ ਬਾਲੀਵੁੱਡ ਅਦਾਕਾਰਾ ਤੇ ਸ਼ਾਹਰੁਖ਼ ਦੀ ਪਰਿਵਾਰਕ ਦੋਸਤ ਜੂਹੀ ਚਾਵਲਾ ਨੇ ਦਿੱਤੀ। ਹਾਲਾਂਕਿ ਸ਼ੁੱਕਰਵਾਰ ਨੂੰ ਜ਼ਮਾਨਤ ਦੇ ਕਾਗ਼ਜ਼ਾਤ ਸਹੀ ਸਮੇਂ ‘ਤੇ ਜੇਲ੍ਹ ‘ਚ ਨਾ ਪਹੁੰਚਣ ‘ਤੇ ਉਸ ਨੂੰ ਰਿਹਾਅ ਨਹੀਂ ਕੀਤਾ ਜਾ ਸਕਿਆ ਸੀ। ਸ਼ਨੀਵਾਰ ਦੀ ਸਵੇਰ ਜੇਲ੍ਹ ਅਧਿਕਾਰੀਆਂ ਨੇ ਜ਼ਮਾਨਤ ਦੇ ਨਿਰਦੇਸ਼ ਲੈਣ ਲਈ ਕਰੀਬ ਸਾਢੇ ਪੰਜ ਵਜੇ ਆਰਥਰ ਰੋਡ ਜੇਲ੍ਹ ਦੇ ਬਾਹਰ ਜ਼ਮਾਨਤ ਦੀ ਪੇਟੀ ਖੋਲੀ।

  ਕੱਲ੍ਹ ਆਰਿਅਨ ਖ਼ਾਨ ਦੇ ਜ਼ਮਾਨਤ ਨਿਰਦੇਸ਼ ਦੀ ਕਾਪੀ ਇਸੇ ਪੇਟੀ ਦੇ ਅੰਦਰ ਰੱਖੀ ਗਈ ਸੀ। ਜੇਲ੍ਹ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਬਾਰੇ ਕੱਲ ਕਿਹਾ ਸੀ, ਕਾਨੂੰਨ ਸਾਰਿਆਂ ਲਈ ਇੱਕ ਸਮਾਨ ਹੈ। ਅਸੀਂ ਕਿਸੇ ਨੂੰ ਕੋਈ ਖ਼ਾਸ ਤਵੱਜੋ ਨਹੀਂ ਦਿੰਦੇ। ਜ਼ਮਾਨਤ ਦੇ ਕਾਗ਼ਜ਼ਾਤ ਹਾਸਲ ਕਰਨ ਦਾ ਆਖ਼ਰੀ ਸਮਾਂ ਸ਼ਾਮ ਦੇ 05:30 ਮਿੰਟ ਸੀ ਅਤੇ ਇਹ ਮਿਆਦ ਪੂਰੀ ਹੋ ਚੁੱਕੀ ਹੈ। ਉਹ ਅੱਜ (ਸ਼ੁੱਕਰਵਾਰ) ਰਿਹਾਅ ਨਹੀਂ ਹੋ ਸਕਣਗੇ।

  ਜ਼ਿਕਰਯੋਗ ਹੈ ਕਿ ਕਰੂਜ਼ ਜਹਾਜ਼ ‘ਤੇ ਡਰੱਗਜ਼ ਮਿਲਣ ਦੇ ਮਾਮਲੇ ‘ਚ ਗ੍ਰਿਫ਼ਤਾਰੀ ਦੇ 25 ਦਿਨਾਂ ਬਾਅਦ ਹਾਈ ਕੋਰਟ ਨੇ ਆਰਿਅਮ ਨੂੰ ਜ਼ਮਾਨਤ ਦਿੱਤੀ ਸੀ। ਸ਼ੁੱਕਰਵਾਰ ਸ਼ਾਮ ਨੂੰ ਇੱਕ ਵਿਸ਼ੇਸ਼ ਅਦਾਲਤ ਨੇ ਆਰਿਅਨ ਲਈ ਰਿਹਾਈ ਮੈਮੋ ਜਾਰੀ ਕੀਤਾ, ਪਰ ਉਨ੍ਹਾਂ ਦੇ ਵਕੀਲ ਸਮਾਂ ਰਹਿੰਦੇ ਅੰਦਰ ਕਾਗ਼ਜ਼ਾਤ ਜੇਲ੍ਹ ਅਧਿਕਾਰੀਆਂ ਤੱਕ ਨਹੀਂ ਪਹੁੰਚਾ ਸਕੇ। ਉੱਧਰ ਹਾਈ ਕੋਰਟ ਨੇ ਆਰਿਅਨ ਦੀ ਜ਼ਮਾਨਤ ਲਈ 14 ਸ਼ਰਤਾਂ ਲਾਗੂ ਕੀਤੀਆਂ, ਜਿਨ੍ਹਾਂ ਵਿਚ ਇੱਕ ਲੱਖ ਰੁਪਏ ਦੇ ਨਿੱਜੀ ਮੁਚਲਕੇ ਦਾ ਭੁਗਤਾਨ ਅਤੇ ਇੱਥੇ ਐਨ.ਸੀ.ਬੀ. ਦਫ਼ਤਰ ‘ਚ ਹਰ ਹਫ਼ਤੇ ਹਾਜ਼ਰੀ ਲਗਾਉਣਾ ਸ਼ਾਮਲ ਹੈ।

  ਜੂਹੀ ਚਾਵਲਾ ਵਿਸ਼ੇਸ਼ ਅਦਾਲਤ ‘ਚ ਆਰਿਅਨ ਖ਼ਾਨ ਦੇ ਵਕੀਲ ਸਤੀਸ਼ ਮਾਨਸ਼ਿੰਦੇ ਸਮੇਤ ਹੋਰ ਵਕੀਲਾਂ ਕੋਲ ਪਹੁੰਚੀ ਅਤੇ ਉਨ੍ਹਾਂ ਜ਼ਮਾਨਤ ਸਬੰਧੀ ਹੋਰ ਜ਼ਰੂਰੀ ਦਸਤਾਵੇਜ਼ ਜਮਾਂ ਕੀਤੇ। ਉਹ ਵਿਸ਼ੇਸ਼ ਜੱਜ ਵੀਵੀ ਪਾਟਿਲ ਦੇ ਸਾਹਮਣੇ ਪੇਸ਼ ਹੋਈ, ਜਿੱਥੇ ਮਾਨਸ਼ਿੰਦੇ ਨੇ ਕਿਹਾ ਕਿ ਚਾਵਲਾ ਜ਼ਮਾਨਤ ਦੇਵੇਗੀ। ਅਦਾਕਾਰਾ ਨੇ ਸਬੂਤ ਦੇ ਤੌਰ ‘ਤੇ ਆਪਣਾ ਆਧਾਰ ਕਾਰਡ ਦਿੱਤਾ। ਜਦੋਂ ਚਾਵਲਾ ਜੱਜ ਦੇ ਸਾਹਮਣੇ ਖੜੀ ਸੀ ਤਾਂ ਮਾਨਸ਼ਿੰਦੇ ਨੇ ਅਦਾਲਤ ਨੂੰ ਦੱਸਿਆ ਕਿ ਅਦਾਕਾਰਾ ਬੇਨਤੀਕਾਰ ਆਰਿਅਨ ਖ਼ਾਨ ਨੂੰ ਬਚਪਨ ਤੋਂ ਜਾਣਦੀ ਹੈ ਅਤੇ ਉਹ ਤੇ ਆਰਿਅਨ ਦੇ ਪਿਤਾ ਸ਼ਾਹਰੁਖ਼ ਖ਼ਾਨ ਕਾਰੋਬਾਰੀ ਰੂਪ ‘ਚ ਜੁੜੇ ਹੋਏ ਹਨ।

  ਇਸ ਤੋਂ ਬਾਅਦ ਅਦਾਲਤ ਨੇ ਜ਼ਮਾਨਤ ਮਨਜ਼ੂਰ ਕਰ ਲਈ, ਜਿਸ ਤੋਂ ਬਾਅਦ ਚਾਵਲਾ ਨੂੰ ਜ਼ਰੂਰੀ ਦਸਤਾਵੇਜ਼ਾਂ ‘ਤੇ ਦਸਤਖ਼ਤ ਕਰਨ ਲਈ ਅਦਾਲਤ ਦੇ ਰਜਿਸਟਰੀ ਵਿਭਾਗ ਜਾਣ ਲਈ ਕਿਹਾ ਗਿਆ। ਚਾਵਲਾ ਨੇ ਕਾਗ਼ਜ਼ਾਂ ‘ਤੇ ਦਸਤਖ਼ਤ ਕੀਤੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਅਦਾਲਤ ਭੇਜਿਆ ਗਿਆ, ਜਿੱਥੇ ਜੱਜ ਨੇ ਜ਼ਮਾਨਤ ਬੌਂਡ ‘ਤੇ ਦਸਤਖ਼ਤ ਕੀਤੇ ਅਤੇ ਰਿਹਾਈ ਮੈਮੋ ਜਾਰੀ ਕੀਤਾ। ਅਦਾਲਤ ਤੋਂ ਬਾਹਰ ਨਿਕਲਦੇ ਹੋਏ ਜੂਹੀ ਚਾਵਲਾ ਨੇ ਮੀਡੀਆ ਨੂੰ ਕਿਹਾ ਕਿ ਪਰਿਵਾਰ ‘ਚ ਹੁਣ ਸਕੂਨ ਹੈ, ਅਸੀਂ ਸਭ ਖ਼ੁਸ਼ ਹਾਂ ਕਿ ਸਾਡਾ ਬੱਚਾ ਘਰ ਆ ਗਿਆ।

  ਖ਼ਾਨ ਦੀ ਜ਼ਮਾਨਤ ਲਈ ਹਾਈ ਕੋਰਟ ਵੱਲੋਂ ਤੈਅ ਸ਼ਰਤਾਂ ਦੇ ਮੁਤਾਬਕ ਤਿੰਨਾਂ ਨੂੰ ਵਿਸ਼ੇਸ਼ ਐਨ.ਡੀ.ਪੀ.ਐੱਸ. ਅਦਾਲਤ ‘ਚ ਆਪਣੇ ਪਾਸਪੋਰਟ ਜਮਾਂ ਕਰਾਉਣਗੇ ਪੈਣਗੇ ਅਤੇ ਉਹ ਵਿਸ਼ੇਸ਼ ਅਦਾਲਤ ਤੋਂ ਇਜਾਜ਼ਤ ਲਏ ਬਿਨਾਂ ਭਾਰਤ ਛੱਡ ਕੇ ਨਹੀਂ ਜਾਣਗੇ। ਉਨ੍ਹਾਂ ਨੂੰ ਹਰ ਸ਼ੁੱਕਰਵਾਰ ਨੂੰ ਐਨਸੀਬੀ ਦਫ਼ਤਰ ‘ਚ ਆਪਣੀ ਹਾਜ਼ਰੀ ਦਰਜ ਕਰਾਉਣੀ ਪਵੇਗੀ। ਅਦਾਲਤ ਨੇ ਕਿਹਾ ਕਿ ਜੇਕਰ ਤਿੰਨੇ ਕਿਸੇ ਵੀ ਸ਼ਰਤ ਦੀ ਉਲੰਘਣਾ ਕਰਦੇ ਹਨ ਤਾਂ ਐਨਸੀਬੀ ਸਿੱਧਾ ਵਿਸ਼ੇਸ਼ ਅਦਾਲਤ ‘ਚ ਉਨ੍ਹਾਂ ਦੀ ਜ਼ਮਾਨਤ ਰੱਦ ਕਰਨ ਲਈ ਬੇਨਤੀ ਕਰੇਗੀ। ਅਦਾਲਤ ਨੇ ਕਿਹਾ ਕਿ ਮੁਲਜ਼ਮ ਨਿੱਜੀ ਰੂਪ ਜਾਂ ਕਿਸੇ ਹੋਰ ਦੇ ਜ਼ਰੀਏ ਗਵਾਹਾਂ ਨੂੰ ਪ੍ਰਭਾਵਤ ਕਰਨ ਜਾਂ ਸਬੂਤਾਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ। ਸ਼ਰਤ ਦੇ ਮੁਤਾਬਕ ਦੋਸ਼ੀ ਮੁੰਬਈ ਤੋਂ ਬਾਹਰ ਜਾਣ ਤੋਂ ਪਹਿਲਾਂ ਐਨਸੀਬੀ ਨੂੰ ਸੂਚਿਤ ਕਰਨਗੇ ਅਤੇ ਆਪਣੇ ਸਫ਼ਰ ਦੀ ਜਾਣਕਾਰੀ ਦੇਣਗੇ।
  Published by:Amelia Punjabi
  First published: