ਕਿਸਾਨ ਆਗੂ ਰਾਕੇਸ਼ ਟਿਕੈਤ ਖਿਲਾਫ ਹਰਿਆਣਾ ਦੇ ਅੰਬਾਲਾ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਟਿਕੈਤ ਨੇ ਸ਼ਨੀਵਾਰ ਨੂੰ ਇਥੇ ਮਹਾਪੰਚਾਇਤ ਕੀਤੀ ਸੀ, ਜਿਸ ਵਿਚ ਵੱਡੀ ਗਿਣਤੀ ਕਿਸਾਨ ਨੇ ਹਾਜ਼ਰੀ ਭਰੀ। ਹਰਿਆਣਾ ਵਿਚ ਕੋਰੋਨਾ ਦੇ ਕਹਿਰ ਤੋਂ ਬਾਅਦ ਧਾਰਾ 144 ਲਾਗੂ ਕੀਤੀ ਗਈ ਹੈ।
ਟਿਕੈਤ ਖਿਲਾਫ ਧਾਰਾ 144 ਦਾ ਉਲੰਘਣ ਕਰਨ ਦੀ ਐਫਆਈਆਰ ਦਰਜ ਕੀਤੀ ਗਈ ਹੈ। ਸ਼ਨੀਵਾਰ ਨੂੰ ਕਿਸਾਨ ਲੀਡਰ ਰਾਕੇਸ਼ ਟਿਕੈਤ ਅੰਬਾਲਾ ਦੇ ਧੁਰਾਲੀ ਪਿੰਡ ਵਿੱਚ ਮਹਾਪੰਚਾਇਤ ਕਰਨ ਪਹੁੰਚੇ ਸਨ, ਜਿੱਥੇ ਮਹਾਪੰਚਾਇਤ ਲਈ ਭੀੜ ਇਕੱਠੀ ਕੀਤੀ ਗਈ ਅਤੇ ਇਸ ਦੌਰਾਨ ਕੋਰੋਨਾ ਨਿਯਮਾਂ ਦਾ ਵੀ ਉਲੰਘਣ ਕੀਤਾ ਗਿਆ। ਇਸ ਮਗਰੋਂ ਟਿਕੈਤ ਉਤੇ ਧਾਰਾ 144 ਅਤੇ ਮਹਾਮਾਰੀ ਫੈਲਾਉਣ ਦੇ ਆਰੋਪਾਂ ਹੇਠਾਂ FIR ਦਰਜ ਕੀਤੀ ਗਈ।
ਦੱਸ ਦਈਏ ਕਿ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਇਥੇ ਸੰਬੋਧਨ ਦੌਰਾਨ ਕਿਹਾ ਸੀ ਕਿ ਸਭ ਜਾਣਦੇ ਹਨ ਕਿ ਕੇਂਦਰ ਸਰਕਾਰ ਕਿਸੇ ਨਾ ਕਿਸੇ ਬਹਾਨੇ ਦਿੱਲੀ ਘੇਰੀ ਬੈਠੇ ਕਿਸਾਨਾਂ ਨੂੰ ਖਦੇੜਨਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨੀ ਅੰਦੋਲਨ ਨੂੰ ਕਦੇ ਖ਼ਾਲਿਸਤਾਨ, ਕਦੇ ਲਾਲ ਕਿਲ੍ਹੇ, ਕਦੇ ਕਰੋਨਾ ਅਤੇ ਹੁਣ ਆਕਸੀਜਨ ਟੈਂਕਰਾਂ ਨਾਲ ਜੋੜ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਦੋਂਕਿ ਅੰਦੋਲਨ ਦੌਰਾਨ ਕਿਸਾਨਾਂ ਨੇ ਤਾਂ ਦੁੱਧ ਦੇ ਟੈਂਕਰ ਨਹੀਂ ਰੋਕੇ, ਆਕਸੀਜਨ ਗੈਸ ਦੇ ਟੈਂਕਰਾਂ ਨੂੰ ਰੋਕਣ ਦਾ ਤਾਂ ਕੋਈ ਮਤਲਬ ਹੀ ਨਹੀਂ।
ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਚੋਣ ਨਤੀਜੇ ਆਉਣ ਮਗਰੋਂ ਕੇਂਦਰ ਸਰਕਾਰ 5 ਮਈ ਤੋਂ ਬਾਅਦ ਕੋਈ ਵੱਡੀ ਕਾਰਵਾਈ ਕਰ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।