ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਚ' ਲਗਭਗ 10,000 ਰੁਪਏ ਦੀ ਗਿਰਾਵਟ! ਜਾਣੋ ਖ਼ਰੀਦਦਾਰੀ ਕਰਨਾ ਕਿੰਨਾ ਸਹੀ ਰਹੇਗਾ?

  • Share this:
    ਨਵੀਂ ਦਿੱਲੀ. ਕੋਰੋਨਾ ਸੰਕਟ ਦੇ ਦੌਰਾਨ ਤਾਲਾਬੰਦੀ ਦੌਰਾਨ ਹਰ ਸੈਕਟਰ ਵਿੱਚ ਮੰਦੀ ਦਾ ਦੌਰ ਸੀ। ਪਰ ਇਸ ਸਮੇਂ ਦੌਰਾਨ, ਹਰ ਦਿਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਸਨ। ਲਾਕਡਾਊਨ ਵਿੱਚ ਢਿੱਲ ਮਿਲਣ ਤੋਂ ਬਾਅਦ ਅਗਸਤ 2020 ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਆਪਣੇ ਸਭ ਤੋਂ ਉੱਪਰਲੇ ਸਤਰ 'ਤੇ ਰਹੀਆਂ। ਇਸ ਤੋਂ ਬਾਅਦ, ਜਦੋਂ ਸਥਿਤੀ ਸੁਧਰੀ ਤਾਂ ਨਿਵੇਸ਼ਕ ਹੋਰ ਵਿਕਲਪਾਂ ਵੱਲ ਜਾਣ ਲੱਗੇ।

    ਹੁਣ, ਕੋਰੋਨਾਵਾਇਰਸ ਵੈਕਸੀਨ ਦੇ ਆਉਣ ਨਾਲ ਅਤੇ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਦੇ ਨਾਲ, ਇਨ੍ਹਾਂ ਦੋਵਾਂ ਦੀਆਂ ਕੀਮਤਾਂ ਵਿੱਚ ਕਾਫ਼ੀ ਹਲਚਲ ਦੇਖਣ ਨੂੰ ਮਿਲੀ ਹੈ। ਅਗਸਤ 2020 ਤੋਂ ਹੁਣ ਤੱਕ, ਸੋਨੇ ਦੀਆਂ ਕੀਮਤਾਂ ਵਿੱਚ 10,000 ਰੁਪਏ ਪ੍ਰਤੀ 10 ਗ੍ਰਾਮ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਚਾਂਦੀ ਵੀ ਇਸ ਦੀ ਸਭ ਤੋਂ ਉੱਚੀ ਕੀਮਤ ਤੋਂ ਲਗਭਗ 10,000 ਰੁਪਏ ਪ੍ਰਤੀ ਕਿਲੋਗ੍ਰਾਮ ਹੇਠਾਂ ਆ ਗਈ ਹੈ।

    ਕੋਰੋਨਾ ਸੰਕਟ ਦੇ ਦੌਰਾਨ ਅਗਸਤ 2020 ਵਿੱਚ ਸੋਨਾ 56,200 ਰੁਪਏ ਪ੍ਰਤੀ 10 ਗ੍ਰਾਮ ਦੇ ਆਪਣੇ ਸਭ ਤੋਂ ਉੱਪਰਲੇ ਪੱਧਰ ਨੂੰ ਛੂਹ ਗਿਆ ਸੀ। ਇਸ ਮਿਆਦ ਦੌਰਾਨ ਚਾਂਦੀ ਵੀ 77,840 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਸਿਖਰਲੇ ਪੱਧਰ 'ਤੇ ਪਹੁੰਚ ਗਈ ਸੀ। 13 ਫਰਵਰੀ 2021 ਨੂੰ ਦਿੱਲੀ ਸਰਾਫ਼ਾ ਬਾਜ਼ਾਰ ਵਿੱਚ ਸੋਨੇ ਦੀ ਕੀਮਤ 46,390 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਚਾਂਦੀ ਵੀ ਗਿਰਾਵਟ ਦੇ ਨਾਲ 67,894 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਸੋਨਾ ਪਿਛਲੇ ਕੁੱਝ ਸਾਲਾਂ ਤੋਂ ਵੱਡੀਆਂ ਛਾਲਾਂ ਮਾਰ ਰਿਹਾ ਹੈ।

    ਸਿੱਧੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਅਗਸਤ 2020 ਤੋਂ ਸੋਨੇ ਦੀਆਂ ਕੀਮਤਾਂ ਵਿੱਚ 9,810 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ 9,946 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਆਈ ਹੈ। ਸੋਨੇ ਵਿੱਚ ਪਿਛਲੇ ਸਾਲ 28 ਪ੍ਰਤੀਸ਼ਤ ਦਾ ਵਾਧਾ ਹੋਇਆ ਸੀ ਅਤੇ 2019 ਵਿੱਚ ਵੀ ਇਸ ਲਈ ਦੋਹਰੇ ਅੰਕ ਦਾ ਵਾਧਾ ਦਰਜ ਕੀਤਾ ਗਿਆ ਸੀ।

    ਡਾਲਰ ਇੰਡੈੱਕਸ ਨਾਲ ਕਾਰੋਬਾਰ ਕਰਦੇ ਹਨ ਸੋਨਾ ਅਤੇ ਚਾਂਦੀ
    13 ਫਰਵਰੀ 2021 ਨੂੰ ਸੋਨੇ ਦੀ ਕੀਮਤ 457 ਰੁਪਏ ਘੱਟ ਕੇ 46,390 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ ਸੀ। ਇਸ ਦੇ ਨਾਲ ਹੀ ਚਾਂਦੀ 347 ਰੁਪਏ ਦੀ ਗਿਰਾਵਟ ਦੇ ਨਾਲ 67,894 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ ਸੀ। ਪਿਛਲੇ ਕਾਰੋਬਾਰੀ ਸੈਸ਼ਨ 'ਚ ਮਲਟੀ ਕਮੋਡਿਟੀ ਐਕਸਚੇਂਜ' ਤੇ ਚਾਂਦੀ 68,241 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ, ਜਦਕਿ ਸੋਨਾ 661 ਰੁਪਏ ਦੀ ਗਿਰਾਵਟ ਦੇ ਨਾਲ 46,847 ਰੁਪਏ ਪ੍ਰਤੀ 10 ਗ੍ਰਾਮ' ਤੇ ਬੰਦ ਹੋਇਆ। ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ 1,815 ਡਾਲਰ ਪ੍ਰਤੀ ਆਉਂਸ ਦੇ ਸਤਰ 'ਤੇ ਅਤੇ ਚਾਂਦੀ 26.96 ਡਾਲਰ ਪ੍ਰਤੀ ਆਉਂਸ 'ਤੇ ਸਪਾਟ ਰਹੀ। HDFC ਸਿਕਿਉਰਿਟੀਜ਼ ਦੇ ਸੀਨੀਅਰ ਐਨਾਲਿਸਟ (ਕਮੋਡਿਟੀਜ਼) ਤਪਨ ਪਟੇਲ ਨੇ ਦੱਸਿਆ ਕਿ ਸੋਨੇ ਦੀਆਂ ਕੀਮਤਾਂ ਡਾਲਰ ਇੰਡੈੱਕਸ ਦੇ ਕਮਜ਼ੋਰ ਹੋਣ ਨਾਲ ਕਾਰੋਬਾਰ ਕਰਦਿਆਂ ਹਨ।

    ਆਯਾਤ ਸ਼ੁਲਕ ਵਿੱਚ ਕਟੌਤੀ ਦੀ ਘੋਸ਼ਣਾ ਨਾਲ ਵਧੀ ਹਲਚਲ
    ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿੱਤੀ ਸਾਲ 2021-22 ਲਈ ਪੇਸ਼ ਕੀਤੇ ਗਏ ਬਜਟ ਵਿੱਚ ਸੋਨੇ ਅਤੇ ਚਾਂਦੀ ਦੇ ਆਯਾਤ ਸ਼ੁਲਕ (Import Duty) ਵਿੱਚ ਭਾਰੀ ਕਟੌਤੀ ਕਰਨ ਦਾ ਐਲਾਨ ਕੀਤਾ ਸੀ। ਸੋਨੇ ਅਤੇ ਚਾਂਦੀ ਦੇ ਆਯਾਤ ਸ਼ੁਲਕ ਵਿੱਚ 5 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ। ਇਸ ਸਮੇਂ ਸੋਨੇ ਅਤੇ ਚਾਂਦੀ 'ਤੇ 12.5 ਪ੍ਰਤੀਸ਼ਤ ਆਯਾਤ ਸ਼ੁਲਕ ਦੇਣਾ ਪੈਂਦਾ ਹੈ। 5.5 ਪ੍ਰਤੀਸ਼ਤ ਘਟਾਉਣ ਤੋਂ ਬਾਅਦ ਸਿਰਫ਼ 7.5 ਪ੍ਰਤੀਸ਼ਤ ਸ਼ੁਲਕ ਦਾ ਭੁਗਤਾਨ ਕਰਨਾ ਹੋਵੇਗਾ। ਇਸ ਘੋਸ਼ਣਾ ਤੋਂ ਬਾਅਦ, ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਨਿਰੰਤਰ ਵਾਧਾ ਹੋਇਆ ਹੈ। ਦੱਸ ਦਈਏ ਕਿ 1 ਫਰਵਰੀ 2021 ਨੂੰ ਸੋਨਾ 1324 ਰੁਪਏ ਦੀ ਗਿਰਾਵਟ ਦੇ ਨਾਲ 47,520 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਸੀ। ਹਾਲਾਂਕਿ ਚਾਂਦੀ ਵਿੱਚ ਤਕਰੀਬਨ 3461 ਰੁਪਏ ਦੀ ਤੇਜ਼ੀ ਦੇਖਣ ਨੂੰ ਮਿਲੀ ਅਤੇ ਇਹ 72,470 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਸੀ।

    ਮੌਜੂਦਾ ਪੱਧਰ 'ਤੇ ਨਿਵੇਸ਼ ਦੇ ਸਕਦਾ ਹੈ ਵੱਡਾ ਮੁਨਾਫ਼ਾ
    ਜੇ ਪਿਛਲੇ ਸਾਲਾਂ ਦੀ ਤਰਜ਼ 'ਤੇ ਇਸ ਸਾਲ ਵੀ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ, ਤਾਂ ਇਹ 60,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਪਾਰ ਕਰ ਸਕਦਾ ਹੈ। ਮਾਹਰ ਕਹਿੰਦੇ ਹਨ ਕਿ ਜੇ ਅਨੁਮਾਨ ਸਹੀ ਰਿਹਾ ਤਾਂ ਮੌਜੂਦਾ ਭਾਅ 'ਤੇ ਸੋਨੇ 'ਚ ਨਿਵੇਸ਼ ਲੋਕਾਂ ਨੂੰ ਵੱਡਾ ਫ਼ਾਇਦਾ ਦੇ ਸਕਦਾ ਹੈ। ਮਾਹਰ ਕਹਿੰਦੇ ਹਨ ਕਿ 2020 ਵਿਚ ਕੋਰੋਨਾ ਸੰਕਟ ਕਾਰਨ ਅਨਿਸ਼ਚਿਤ ਆਰਥਿਕ ਮਾਹੌਲ ਕਾਰਨ ਲੋਕਾਂ ਨੇ ਸੋਨੇ 'ਤੇ ਭਾਰੀ ਨਿਵੇਸ਼ ਕੀਤਾ ਕਿਉਂਕਿ ਉਨ੍ਹਾਂ ਨੂੰ ਇਹ ਸਭ ਤੋਂ ਸੁਰੱਖਿਅਤ ਨਿਵੇਸ਼ ਵਿਕਲਪ ਲੱਗਿਆ। ਜਿਸ ਕਾਰਨ ਇਸ ਦੀਆਂ ਕੀਮਤਾਂ ਵਧ ਗਈਆਂ ਹਨ। ਹਾਲਾਂਕਿ, ਕੋਰੋਨਾ ਟੀਕੇ ਦੇ ਆਉਣ ਨਾਲ ਅਤੇ ਆਰਥਿਕ ਗਤੀਵਿਧੀਆਂ ਵਿੱਚ ਤੇਜ਼ੀ ਦੇ ਕਾਰਨ, ਸੋਨੇ ਦੀਆਂ ਕੀਮਤਾਂ ਵਿੱਚ ਕਮੀ ਦਰਜ ਕੀਤੀ ਜਾ ਰਹੀ ਹੈ।
    Published by:Anuradha Shukla
    First published: