ਪੰਜਾਬ ਦੇ ਜੋ ਲੋਕ ਜੈਪੁਰ ਦਾ ਹਵਾਈ ਸਫਰ ਕਰਨ ਦਾ ਇੰਤਜ਼ਾਰ ਕਰ ਰਹੇ ਹਨ ਹੁਣ ਉਨ੍ਹਾਂ ਦਾ ਇਹ ਇੰਤਜ਼ਾਰ ਖਤਮ ਹੋਣ ਵਾਲਾ ਹੈ । ਦਰਅਸਲ ਯਾਤਰੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਏਅਰਲਾਈਨ ਕੰਪਨੀ ਸਪਾਈਸ ਜੈੱਟ ਨੇ ਅਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਜੈਪੁਰ ਲਈ ਸਿੱਧੀ ਉਡਾਣ ਸੇਵਾ ਇੱਕ ਵਾਰ ਫਿਰ ਤੋਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ । ਸਪਾਈਸ ਜੈੱਟ ਦੇ ਵੱਲੋਂ 20 ਜਨਵਰੀ ਤੋਂ ਇਸ ਰੂਟ 'ਤੇ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਇਹ ਤੁਹਾਨੂੰ ਦੱਸ ਦਈਏ ਕਿ ਇਹ ਫਲਾਈਟ ਕੋਰੋਨਾ ਦੇ ਦੌਰ ਦੌਰਾਨ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਸੀ ਅਤੇ ਯਾਤਰੀਆਂ ਨੂੰ ਦਿੱਲੀ ਤੋਂ ਹੋ ਕੇ ਪਿੰਕ ਸਿਟੀ ਯਾਨੀ ਜੈਪੁਰ ਦਾ ਸਫਰ ਤੈਅ ਕਰਨਾ ਪੈਂਦਾ ਸੀ। ਪਰ ਹੁਣ ਅੰਮ੍ਰਿਤਸਰ ਤੋਂ ਜੈਪੁਰ ਦੇ ਲਈ ਇਹ ਸਿੱਧੀ ਉਡਾਣ ਕਰੀਬ ਸਾਢੇ ਤਿੰਨ ਸਾਲ ਤੋਂ ਬਾਅਦ ਮੁੜ ਤੋਂ ਸ਼ੁਰੂ ਹੋਣ ਜਾ ਰਹੀ ਹੈ।
ਕਾਫੀ ਲੰਮੇ ਵਖਫੇ ਤੋਂ ਬਾਅਦ ਏਅਰਲਾਈਨ ਕੰਪਨੀ ਦੇ ਇਸ ਐਲਾਨ ਤੋਂ ਬਾਅਦ ਅੰਮ੍ਰਿਤਸਰ ੳਤੇ ਜੈਪੁਰ ਦੋਵਾਂ ਸ਼ਹਿਰਾਂ ਦੇ ਸੈਲਾਨੀਆਂ ਨੂੰ ਕਾਫੀ ਫਾਇਦਾ ਹੋਵੇਗਾ ਕਿਉਂਕਿ ਦੋਵੇਂ ਸ਼ਹਿਰ ਸੈਰ-ਸਪਾਟੇ ਦੇ ਮਕਸਦ ਨਾਲ ਦੇਸ਼ ਦੇ ਨਕਸ਼ੇ 'ਤੇ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ਵਜੋਂ ਜਾਣੇ ਜਾਂਦੇ ਹਨ।ਪਰ ਇੱਕਵਾਰ ਫਿਰ ਤੋਂ ਹੁਣ ਇਹ ਨਵੀਂ ਉਡਾਣ ਸ਼ੁਰੂ ਹੋਣ ਨਾਲ ਜੈਪੁਰ ਅਤੇ ਅੰਮ੍ਰਿਤਸਰ ਦੇ ਵਿਚਾਲੇ ਸੰਪਰਕ ਹੋਰ ਮਜ਼ਬੂਤ ਹੋ ਜਾਣਗੇ। ਇਸ ਤੋਂ ਪਹਿਲਾਂ ਵਿਸਤਾਰਾ ਅਤੇ ਇੰਡੀਗੋ ਕੰਪਨੀ ਵੱਲੋਂ ਇਸ ਰੂਟ 'ਤੇ ਹਵਾਈ ਸੇਵਾ ਪ੍ਰਦਾਨ ਕੀਤੀ ਜਾਂਦੀ ਰਹੀ ਸੀ। ਇਨ੍ਹਾਂ ਦੋਵਾਂ ਕੰਪਨੀਆਂ ਦੇ ਜਹਾਜ਼ ਦਿੱਲੀ ਦੇ ਰਸਤੇ ਜੈਪੁਰ ਨੂੰ ਜਾਂਦੇ ਹਨ। ਇਸ ਨਾਲ ਲੋਕਾਂ ਦਾ ਸਮਾਂ ਅਤੇ ਪੈਸਾ ਦੋਵੇਂ ਜ਼ਿਆਦਾ ਲੱਗਦਾ ਹੈ। ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਰ ਦਿਨ ਕੁੱਲ 28 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਆਉਂਦੀਆਂ-ਜਾਂਦੀਆਂ ਹਨ। ਇਨ੍ਹਾਂ ਉਡਾਣਾ ਦੇ ਵਿੱਚ ਰੋਜ਼ਾਨਾ ਅੱਠ ਹਜ਼ਾਰ ਤੋਂ ਜ਼ਿਆਦਾ ਯਾਤਰੀ ਆਪਣੀਆਂ-ਆਪਣੀਆਂ ਮੰਜ਼ਿਲਾਂ ਲਈ ਸਫ਼ਰ ਕਰਦੇ ਹਨ।
ਕੌਮਾਂਤਰੀ ਉਡਾਣਾ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਮਲੇਸ਼ੀਆ, ਇਟਲੀ, ਦੁਬਈ ਅਤੇ ਸਿੰਗਾਪੁਰ ਆਦਿ ਦੇਸ਼ਾਂ ਲਈ ਫਲਾਈਟ ਸੇਵਾਵਾਂ ਬਹਾਲ ਹਨ।ਜਦਕਿ ਘਰੇਲੂ ਉਡਾਣਾ 'ਚ ਦਿੱਲੀ, ਮੁੰਬਈ, ਜੈਪੁਰ, ਅਹਿਮਦਾਬਾਦ, ਪੁਣੇ, ਸ਼੍ਰੀਨਗਰ ਅਤੇ ਲਖਨਊ ਆਦਿ ਵੱਡੇ ਸ਼ਹਿਰਾਂ ਲਈ ਜਹਾਜ਼ ਉਡਾਣ ਭਰਦੇ ਹਨ। ਇਸ ਤੋਂ ਇਲਾਵਾ ਹਾਲ ਹੀ ਵਿੱਚ ਵਿਸਤਾਰਾ ਏਅਰਲਾਈਨ ਕੰਪਨੀ ਵੱਲੋਂ ਅੰਮ੍ਰਿਤਸਰ-ਦਿੱਲੀ ਵਿਚਕਾਰ ਸ਼ਾਮ ਨੂੰ ਉਡਾਣ ਸੇਵਾ ਸ਼ੁਰੂ ਕੀਤੀ ਗਈ ਹੈ।
ਸਪਾਈਸ ਜੈੱਟ ਦੇ ਵੱਲੋਂ ਆਪਣੀ ਵੈੱਬਸਾਈਟ 'ਤੇ ਜੈਪੁਰ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਜੈਪੁਰ ਤੋਂ ਇਹ ਜਹਾਜ਼ ਸਵੇਰੇ 10:55 ਵਜੇ ਉਡਾਣ ਭਰੇਗਾ। ਕਰੀਬ ਡੇਢ ਘੰਟੇ ਦੇ ਸਫ਼ਰ ਤੋਂ ਬਾਅਦ ਇਹ ਜਹਾਜ਼ ਦੁਪਹਿਰ 12:25 ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚ ਜਾਵੇਗਾ। ਅੰਮ੍ਰਿਤਸਰ ਤੋਂ ਸ਼ਾਮ 7:05 'ਤੇ ਉਡਾਣ ਭਰਨ ਵਾਲਾ ਇਹ ਜਹਾਜ਼ ਡੇਢ ਘੰਟੇ ਬਾਅਦ ਸ਼ਾਮ 8:35 'ਤੇ ਜੈਪੁਰ ਹਵਾਈ ਅੱਡੇ ਪਹੁੰਚ ਜਾਵੇਗਾ। ਸਿੱਧੀਆਂ ਉਡਾਣਾਂ ਸ਼ੁਰੂ ਹੋਣ ਨਾਲ ਯਾਤਰੀ ਇੱਕ ਹੀ ਦਿਨ ਦੇ ਵਿੱਚ ਅੰਮ੍ਰਿਤਸਰ ਤੋਂ ਜੈਪੁਰ ਦਾ ਸਫਰ ਤੈਅ ਕਰ ਸਕਣਗੇੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।