ਗੁਜਰਾਤ ਵਿਚ ਸੂਰਤ ਦੇ ਇਕ ਹੀਰਾ ਕਾਰੋਬਾਰੀ (Diamond Businessman) ਦੀ 8 ਸਾਲ ਦੀ ਧੀ ਨੇ ਆਲੀਸ਼ਾਨ ਜੀਵਨ ਤਿਆਗ ਕੇ ਸੰਨਿਆਸ (monkhood) ਧਾਰਨ ਕਰਨ ਦਾ ਫੈਸਲਾ ਕੀਤਾ ਹੈ।
ਹੱਸਣ-ਖੇਡਣ ਦੀ ਉਮਰ ਵਿੱਚ ਹੀਰਾ ਵਪਾਰੀ ਧਨੇਸ਼ ਦੀ ਵਾਰਿਸ ਧੀ ਬੁੱਧਵਾਰ ਨੂੰ ਸੰਨਿਆਸ ਲੈ ਕੇ ਸੰਨਿਆਸੀ ਬਣ ਗਈ। ਇਸ ਬੱਚੀ ਦਾ ਨਾਂ ਦੇਵਾਂਸ਼ੀ ਸੰਘਵੀ ਹੈ, ਜੋ ਦੋ ਭੈਣਾਂ 'ਚੋਂ ਵੱਡੀ ਹੈ। ਟਾਈਮਜ਼ ਆਫ ਇੰਡੀਆ ਦੀ ਖਬਰ ਮੁਤਾਬਕ ਹੀਰਾ ਵਪਾਰੀ ਦੀ ਬੇਟੀ ਦੇਵਾਂਸ਼ੀ ਸੰਘਵੀ ਨੇ 367 ਦੀਖਿਆ ਸਮਾਗਮਾਂ 'ਚ ਹਿੱਸਾ ਲਿਆ ਅਤੇ ਇਸ ਤੋਂ ਬਾਅਦ ਉਸ ਨੂੰ ਸੰਨਿਆਸ ਲੈਣ ਦੀ ਪ੍ਰੇਰਨਾ ਮਿਲੀ।
ਇਕ ਪਰਿਵਾਰਕ ਦੋਸਤ ਨੇ ਦੱਸਿਆ ਕਿ ਉਸ ਨੇ ਅੱਜ ਤੱਕ ਨਾ ਤਾਂ ਟੀਵੀ ਦੇਖਿਆ ਹੈ ਅਤੇ ਨਾ ਹੀ ਕੋਈ ਫ਼ਿਲਮ। ਇੰਨਾ ਹੀ ਨਹੀਂ ਉਹ ਕਦੇ ਕਿਸੇ ਰੈਸਟੋਰੈਂਟ 'ਚ ਵੀ ਨਹੀਂ ਗਈ। ਜੇਕਰ ਦੇਵਾਂਸ਼ੀ ਨੇ ਸੰਨਿਆਸ ਦਾ ਰਸਤਾ ਨਾ ਚੁਣਿਆ ਹੁੰਦਾ ਤਾਂ ਉਹ ਬਾਲਗ ਹੋਣ 'ਤੇ ਕਰੋੜਾਂ ਦੀ ਹੀਰਾ ਕੰਪਨੀ ਦੀ ਮਾਲਕ ਹੁੰਦੀ।
ਦਰਅਸਲ, ਦੇਵਾਂਸ਼ੀ ਸੂਬੇ ਦੀ ਸਭ ਤੋਂ ਪੁਰਾਣੀ ਹੀਰਾ ਬਣਾਉਣ ਵਾਲੀ ਕੰਪਨੀਆਂ ਵਿਚੋਂ ਇਕ ਸੰਘਵੀ ਐਂਡ ਸੰਨਜ਼ ਦੇ ਸੰਸਥਾਪਕ ਮੋਹਨ ਸੰਘਵੀ ਦੇ ਇਕਲੌਤੇ ਪੁੱਤ ਧਨੇਸ਼ ਸੰਘਵੀ ਦੀ ਧੀ ਹੈ।ਦੱਸ ਦਈਏ ਕਿ ਧਨੇਸ਼ ਸੰਘਵੀ ਦੀ ਮਲਕੀਅਤ ਵਾਲੀ ਹੀਰਾ ਕੰਪਨੀ ਦੀਆਂ ਬ੍ਰਾਂਚਾਂ ਪੂਰੀ ਦੁਨੀਆ ਵਿੱਚ ਹਨ ਅਤੇ ਸਾਲਾਨਾ ਟਰਨਓਵਰ 100 ਕਰੋੜ ਦੇ ਕਰੀਬ ਹੈ। ਦੇਵਾਂਸ਼ੀ ਦੀ ਛੋਟੀ ਭੈਣ ਦਾ ਨਾਂ ਕਾਵਿਆ ਹੈ ਅਤੇ ਉਹ ਪੰਜ ਸਾਲ ਦੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਹੀਰਾ ਵਪਾਰੀ ਧਨੇਸ਼ ਅਤੇ ਉਨ੍ਹਾਂ ਦਾ ਪਰਿਵਾਰ ਭਾਵੇਂ ਬਹੁਤ ਅਮੀਰ ਹੋਵੇ ਪਰ ਉਨ੍ਹਾਂ ਦੀ ਜੀਵਨ ਸ਼ੈਲੀ ਬਹੁਤ ਸਾਦੀ ਰਹੀ ਹੈ। ਇਹ ਪਰਿਵਾਰ ਸ਼ੁਰੂ ਤੋਂ ਹੀ ਧਾਰਮਿਕ ਰਿਹਾ ਹੈ ਅਤੇ ਦੇਵਾਂਸ਼ੀ ਵੀ ਬਚਪਨ ਤੋਂ ਹੀ ਦਿਨ ਵਿੱਚ ਤਿੰਨ ਵਾਰ ਪ੍ਰਾਥਨਾ ਕਰਨ ਦੇ ਨਿਯਮ ਦਾ ਪਾਲਣ ਕਰਦੀ ਆ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gujarat