ਗੁਜਰਾਤ ਦੇ ਛੇ ਨਗਰ ਨਿਗਮਾਂ- ਅਹਿਮਦਾਬਾਦ, ਵਡੋਦਰਾ, ਸੂਰਤ, ਰਾਜਕੋਟ, ਜਾਮਨਗਰ ਅਤੇ ਭਾਵਨਗਰ ਦੇ ਵੱਖ-ਵੱਖ ਵਾਰਡਾਂ ਲਈ ਵੋਟਾਂ ਪਈਆਂ ਹਨ। ਛੇ ਨਗਰ ਨਿਗਮ ਚੋਣਾਂ ਲਈ ਐਤਵਾਰ ਨੂੰ 42.21 ਫ਼ੀ ਸਦੀ ਵੋਟਾਂ ਪਈਆਂ। ਸਵੇਰ ਵੇਲੇ ਬੂਥਾਂ ਉੱਤੇ ਵੋਟਰਾਂ ਦੀਆਂ ਵੱਡੀਆਂ ਕਤਾਰਾਂ ਨਜ਼ਰ ਆਈਆਂ ਪਰ ਬਾਅਦ ’ਚ ਸੁਸਤੀ ਹੀ ਬਣੀ ਰਹੀ। ਵੋਟਾਂ ਦੀ ਗਿਣਤੀ 23 ਫਰਵਰੀ ਨੂੰ ਹੋਏਗੀ।
ਗੁਜਰਾਤ ਰਾਜ ਚੋਣ ਕਮਿਸ਼ਨ ਦੀ ਵੈੱਬਸਾਈਟ ਉੱਤੇ ਅਪਡੇਟ ਕੀਤੇ ਗਏ ਅੰਕੜਿਆਂ ਅਨੁਸਾਰ ਅਹਿਮਦਾਬਾਦ ’ਚ ਸਭ ਤੋਂ ਘੱਟ 38.73 ਫ਼ੀਸਦੀ ਵੋਟਾਂ ਪਈਆਂ, ਜਦ ਕਿ ਸਭ ਤੋਂ ਵੱਧ 49.86 ਫ਼ੀਸਦੀ ਵੋਟਾਂ ਜਾਮਨਗਰ ’ਚ ਪਈਆਂ। ਇਸੇ ਤਰ੍ਹਾਂ ਰਾਜਕੋਟ ’ਚ 47.27 ਫ਼ੀਸਦੀ, ਭਾਵਨਗਰ ’ਚ 43.66 ਫ਼ੀਸਦੀ, ਸੂਰਤ ’ਚ 43.52 ਫ਼ੀਸਦੀ ਤੇ ਵਡੋਦਰਾ ’ਚ 43.47 ਫ਼ੀਸਦੀ ਵੋਟਾਂ ਪਈਆਂ।
ਚੋਣਾਂ ਵਿੱਚ ਵੋਟਿੰਗ ਦੀ ਘੱਟ ਪ੍ਰਤੀਸ਼ਤਤਾ ਨੇ ਹਾਕਮ ਧਿਰ ਦੀ ਚਿੰਤਾ ਵਧਾ ਦਿੱਤੀ ਹੈ। ਰਾਜਨੀਤਿਕ ਮਾਹਰਾਂ ਦੇ ਅਨੁਸਾਰ ਆਮ ਆਦਮੀ ਪਾਰਟੀ ਚੋਣਾਂ ਵਿੱਚ ਭਾਜਪਾ ਦੇ ਵੋਟਰਾਂ ਨੂੰ ਖੋਰਾ ਲਾ ਸਕਦੀ ਹੈ। ਉਸੇ ਸਮੇਂ, ਕਾਂਗਰਸ ਦੀ ਵੋਟਾਂ ਵਿੱਚ ਓਵੈਸੀ ਦੀ ਪਾਰਟੀ ਏਆਈਐਮਆਈਐਮ ਘੁਸਪੈਠ ਕਰ ਸਕਦੀ ਹੈ। ਅਜਿਹੀ ਸਥਿਤੀ ਵਿੱਚ ਭਾਜਪਾ ਲਈ ਚੋਣਾਂ ਜਿੱਤਣ ਦਾ ਰਾਹ ਸੌਖਾ ਨਹੀਂ ਹੈ। ਦੂਜੇ ਪਾਸੇ, ਕਾਂਗਰਸ ਨੇ ਘੱਟ ਵੋਟਿੰਗ ਪ੍ਰਤੀਸ਼ਤ ਲਈ ਭਾਜਪਾ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਇਨ੍ਹਾਂ ਚੋਣਾਂ ’ਚ ਮੁੱਖ ਮੁਕਾਬਲਾ ਭਾਜਪਾ ਤੇ ਮੁੱਖ ਵਿਰੋਧੀ ਧਿਰ ਕਾਂਗਰਸ ਵਿਚਾਲੇ ਹੈ। ਪਿਛਲੇ ਕਈ ਕਾਰਜਕਾਲਾਂ ਤੋਂ ਭਾਜਪਾ ਹੀ ਇਨ੍ਹਾਂ ਛੇ ਨਗਰ ਨਿਗਮਾਂ ਉੱਤੇ ਕਾਬਜ਼ ਚੱਲ ਰਹੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਕਿ ਉਹ ਭਾਜਪਾ ਤੇ ਕਾਂਗਰਸ ਸਾਹਮਣੇ ਇੱਕ ਪ੍ਰਭਾਵਸ਼ਾਲੀ ਵਿਕਲਪ ਸਿੰਧ ਹੋਵੇਗੀ; ਜਦ ਕਿ ਅਸਦੁੱਦੀਨ ਓਵੈਸੀ ਦੀ ਪਾਰਟੀ ‘ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ’ (AIMIM) ਪਹਿਲੀ ਵਾਰ ਇਹ ਸਥਾਨਕ ਸਰਕਾਰਾਂ ਦੀਆਂ ਚੋਣਾਂ ਲੜ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: BJP, Gujrat, Indian National Congress