
ਖੇਤੀਬਾੜੀ ਮੰਤਰੀ ਤੋਮਰ ਉਤੇ ਭੜਕੇ ਲੋਕ, ਕਾਰ ਉਤੇ ਸੁੱਟਿਆ ਚਿੱਕੜ (file photo)
ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੂੰ ਆਪਣੇ ਲੋਕ ਸਭਾ ਹਲਕੇ ਮੁਰੈਨਾ ਦੇ ਸ਼ਿਓਪੁਰ (ਮੱਧ ਪ੍ਰਦੇਸ਼) ’ਚ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਦੇ ਸਮੇਂ ਨਾਰਾਜ਼ ਸਥਾਨਕ ਲੋਕਾਂ ਨੇ ਘੇਰ ਲਿਆ ਤੇ ਉਨ੍ਹਾਂ ਦੇ ਵਾਹਨਾਂ ਦੇ ਕਾਫਲੇ ’ਤੇੇ ਕਥਿਤ ਤੌਰ ਉਤੇ ਚਿੱਕੜ ਸੁੱਟਿਆ।
ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਤੋਮਰ ਜਦੋਂ ਹੜ੍ਹ ਪੀੜਤਾਂ ਨੂੰ ਮਿਲਣ ਕਰਾਟੀਆ ਬਾਜ਼ਾਰ ਪੁੱਜੇ ਤਾਂ ਗੁੱਸੇ ’ਚ ਆਏ ਲੋਕਾਂ ਨੇ ਉਨ੍ਹਾਂ ਦਾ ਘਿਰਾਓ ਕੀਤਾ ਤੇ ਕਿਹਾ ਕਿ ਉਹ ਬਹੁਤ ਦੇਰ ਬਾਅਦ ਇੱਥੇ ਆਏ ਹਨ। ਗੁੱਸੇ ’ਚ ਆਏ ਲੋਕਾਂ ਨੇ ਉਨ੍ਹਾਂ ਦੇ ਵਾਹਨਾਂ ’ਤੇ ਚਿੱਕੜ ਤੇ ਸੁੱਕੀਆਂ ਲੱਕੜਾਂ ਸੁੱਟੀਆਂ।
ਸਥਾਨਕ ਲੋਕਾਂ ਨੇ ਤੋਮਰ ਨੂੰ ਸ਼ਿਕਾਇਤ ਕੀਤੀ ਕਿ ਪ੍ਰਸ਼ਾਸਨ ਨੇ ਲੋਕਾਂ ਨੂੰ ਸਮੇਂ ਸਿਰ ਹੜ੍ਹਾਂ ਬਾਰੇ ਸੁਚੇਤ ਨਹੀਂ ਕੀਤਾ ਅਤੇ ਇਹ ਜ਼ਿਲ੍ਹਾ ਪ੍ਰਸ਼ਾਸਨ ਦੀ ਅਸਫਲਤਾ ਸੀ। ਸ਼ਿਓਪੁਰ ਦੇ ਐਸਪੀ ਸੰਪਤ ਉਪਾਧਿਆਏ ਨੇ ਕਿਹਾ ਕਿ ਲੋਕਾਂ ਨੇ ਮੰਤਰੀ ਨੂੰ ਸ਼ਿਕਾਇਤ ਕੀਤੀ ਕਿ ਰਾਹਤ ਦੇਰ ਨਾਲ ਪਹੁੰਚੀ। ਉਪਾਧਿਆਏ ਨੇ ਕਿਹਾ ਕਿ ਮੰਤਰੀ ਦੇ ਕਾਫਲੇ ਵਿੱਚ ਕੋਈ ਵਾਹਨ ਨੁਕਸਾਨਿਆ ਨਹੀਂ ਗਿਆ।
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਨੇ ਮੰਨਿਆ ਕਿ ਪ੍ਰਸ਼ਾਸਨ ਢਿੱਲਾ ਰਿਹਾ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ ਬੰਨ੍ਹ ਟੁੱਟਣ ਦੀ ਅਫਵਾਹ ਨੇ ਵੀ ਸਮੱਸਿਆਵਾਂ ਪੈਦਾ ਕੀਤੀਆਂ ਹਨ।
ਤੋਮਰ ਨੇ ਭਰੋਸਾ ਦਿੱਤਾ ਕਿ ਜ਼ਿਲ੍ਹੇ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਇਸ ਹਫਤੇ ਦੇ ਸ਼ੁਰੂ ਵਿੱਚ ਮੱਧ ਪ੍ਰਦੇਸ਼ ਦੇ ਉੱਤਰੀ ਹਿੱਸੇ ਵਿੱਚ ਗਵਾਲੀਅਰ ਅਤੇ ਚੰਬਲ ਖੇਤਰਾਂ ਵਿੱਚ ਮੀਂਹ ਕਾਰਨ ਘੱਟੋ ਘੱਟ 24 ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਬਾਹਰ ਕੱਢਿਆ ਗਿਆ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।