ਚੰਡੀਗੜ੍ਹ: Haryana Sikh News: ਹਰਿਆਣਾ ਸਰਕਾਰ ਨੂੰ 1925 ਦਾ ਗੁਰਦੁਆਰਾ ਐਕਟ ਤੋੜ ਕੇ ਆਪਣਾ ਵੱਖਰਾ ਕਾਨੂੰਨ ਬਣਾਉਣ ਦਾ ਕੋਈ ਹੱਕ ਨਹੀਂ ਹੈ, ਜੋ ਕਿ ਚੁਣੇ ਹੋਏ ਸੰਗਤਾਂ ਵੱਲੋਂ ਚੁਣੇ ਹੋਏ ਮੈਂਬਰਾਂ ਨੂੰ ਹਟਾ ਕੇ ਧੱਕੇ ਨਾਲ ਗੁਰਦੁਆਰਾ ਸਾਹਿਬਾਨ 'ਤੇ ਆਪਣੇ ਹੱਥਠੋਕਿਆਂ ਦਾ ਕਬਜ਼ਾ ਕਰਵਾਇਆ ਜਾ ਰਿਹਾ ਹੈ। ਇਹ ਗੱਲ ਹਰਿਆਣਾ ਸੂਬੇ ਦੀਆਂ ਸਿੱਖ ਸੰਸਥਾਵਾਂ ਅਤੇ ਸੰਗਤ ਦੇ ਨੁਮਾਇੰਦਿਆਂ ਵੱਲੋਂ ਅੱਜ ਇਥੇ ਪ੍ਰੈੱਸ ਕਲੱਬ ਵਿੱਚ ਇੱਕ ਪ੍ਰੈੱਸ ਮਿਲਣੀ ਦੌਰਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਸਿੱਖ ਭਾਜਪਾ ਤੇ ਆਰ.ਐੱਸ.ਐੱਸ. ਵੱਲੋਂ ਗੁਰਦੁਆਰਾ ਸਾਹਿਬਾਨ 'ਤੇ ਕਬਜੇ ਕਰਨ ਅਤੇ ਮਰਯਾਦਾ ਦੀ ਉਲੰਘਣਾ ਖਿਲਾਫ਼ ਕਾਰਵਾਈ ਕਰਾਉਣ ਲਈ ਛੇਤੀ ਹੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਮਿਲਣਗੇ।
'ਘਟਨਾ ਨੇ ਨਰੈਣੂ ਮਹੰਤ ਦੀ ਕਰਤੂਤ ਨੂੰ ਤਾਜ਼ਾ ਕੀਤਾ'
ਸਿੱਖ ਆਗੂਆਂ ਨੇ ਕਿਹਾ ਕਿ ਜਦੋਂ ਤੋਂ ਦੇਸ਼ ਅੰਦਰ ਭਾਜਪਾ ਦੀਆਂ ਸਰਕਾਰਾਂ ਦੀ ਸਥਾਪਤੀ ਹੋਈ ਹੈ, ਉਦੋਂ ਤੋਂ ਲੈ ਕੇ ਆਰ.ਐਸ.ਐਸ. ਦੇ ਇਸ਼ਾਰੇ 'ਤੇ ਘੱਟ ਗਿਣਤੀ ਦੀ ਆਵਾਜ਼ ਨੂੰ ਦਬਾਉਣ ਲਈ ਕੋਝੇ ਹੱਥਕੰਡੇ ਵਰਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਅੱਜ ਜਦ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਖੱਟੜ ਵਲੋਂ ਮਹੰਤ ਕਰਮਜੀਤ ਸਿੰਘ ਅਤੇ ਆਰ.ਐਸ.ਐਸ. ਦੇ ਏਜੰਟ ਬਲਜੀਤ ਸਿੰਘ ਦਾਦੂਵਾਲ ਵੱਲੋਂ ਕੁਰੂਕਸ਼ੇਤਰ ਦੇ ਗੁਰਦੁਆਰਾ ਸਾਹਿਬਾਨ ਤੇ ਧਾੜਵੀ ਬਣਕੇ ਗੋਲਕਾਂ ਤੋੜਨਾ ਅਤੇ ਸਿੱਖ ਸੰਗਤ 'ਤੇ ਹਮਲਾਵਰ ਹੋ ਕੇ ਉਹਨਾਂ ਨੂੰ ਕੱਟਣਾ ਮਾਰਨਾ ਅਤੇ ਪੁਲਿਸ ਦੇ ਹਵਾਲੇ ਕਰਨ ਵਾਲੀ ਘਟਨਾ ਨੇ ਨਰੈਣੂ ਮਹੰਤ ਦੀ ਕਰਤੂਤ ਨੂੰ ਅੱਜ ਤਾਜ਼ਾ ਕੀਤਾ ਹੈ।
ਕੁਰੂਕਸ਼ੇਤਰ ਘਟਨਾ ਕਾਰਨ ਹਰਿਆਣਾ ਦੇ ਸਿੱਖਾਂ 'ਚ ਰੋਸ
ਸਿੱਖ ਆਗੂਆਂ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਮਰਯਾਦਾ ਦਾ ਘਾਣ ਚਲਦੇ ਕੀਰਤਨ ਦੌਰਾਨ ਕਟਰਾਂ ਨਾਲ ਜਿੰਦੇ ਤੋੜ ਗੋਲਕ ਤੇ ਕਬਜਾ, ਨਿਹੱਥੇ ਸਿੱਖਾਂ ਤੇ ਤਸ਼ੱਦਤ ਅਤੇ ਖੱਟਰ ਸਰਕਾਰ ਦੀ ਪੁਲਿਸ ਵੱਲੋਂ ਬੂਟਾਂ ਸਮੇਂ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਣ ਦੀ ਘਟਨਾ ਨੇ ਸਿੱਖ ਜਗਤ ਅਤੇ ਖਾਸ ਕਰਕੇ ਹਰਿਆਣਾ ਦੇ ਸਿੱਖਾਂ ਅੰਦਰ ਭਾਰੀ ਰੋਸ ਪੈਦਾ ਕਰ ਦਿੱਤਾ ਹੈ।
ਅੱਜ ਹਰਿਆਣਾ ਦੀ ਸਮੁੱਚੀ ਸਿੱਖ ਸੰਗਤ ਅਜਿਹੀ ਕਾਰਵਾਈ ਦਾ ਡੱਟ ਕੇ ਵਿਰੋਧ ਕਰਦੇ ਹਾਂ, ਉਥੇ ਦੇਸ਼ ਅਤੇ ਵਿਦੇਸ਼ ਅੰਦਰ ਵਸਦੇ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਆਰ.ਐਸ.ਐਸ. ਵੱਲੋਂ ਬਿਠਾਏ ਆਪਣੇ ਮਹੰਤਾਂ ਤੋਂ ਗੁਰਦੁਆਰਾ ਸਾਹਿਬ ਨੂੰ ਆਜਾਦ ਕਰਵਾਉਣ ਅਤੇ ਮਰਯਾਦਾ ਦੀ ਘੋਰ ਉਲੰਘਣਾ ਖਿਲਾਫ ਅਰੰਭੀ ਲੜਾਈ ਵਿੱਚ ਸਾਡਾ ਸਾਥ ਦੇਣ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Haryana Government, SGPC, Shiromani Akali Dal, Sikh News