ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਦੇ ਰੋਹਤਕ ਸਥਿਤ ਸੁਨਾਰੀਆ ਜੇਲ੍ਹ ’ਚ ਜਬਰ ਜਨਾਹ ਦੇ ਦੋਸ਼ਾਂ ਹੇਠ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਦੇਣ ਪਿੱਛੋਂ ਹੁਣ ਉਸ ਦੀ ਜਾਨ ਨੂੰ ਖ਼ਤਰਾ ਦੱਸਦਿਆਂ ਹਰਿਆਣਾ ਸਰਕਾਰ ਨੇ ਜ਼ੈੱਡ ਪਲੱਸ ਸੁਰੱਖਿਆ ਦੇ ਦਿੱਤੀ ਹੈ।
ਹੈਰਾਨੀ ਦੀ ਗੱਲ ਇਹ ਕਿ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਆਖ ਦਿੱਤਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ। ਹੁਣ ਸਵਾਲ ਉਠ ਰਹੇ ਹਨ ਕਿ ਸੂਬਾ ਸਰਕਾਰ ਵੱਲੋਂ ਜੈੱਡ ਪਲੱਸ ਸੁਰੱਖਿਆ ਦਿੱਤੀ ਗਈ ਹੈ ਤੇ ਗ੍ਰਹਿ ਮੰਤਰੀ ਨੂੰ ਇਸ ਬਾਰੇ ਕੋਈ ਜਾਣਕਾਰੀ ਹੀ ਨਹੀਂ ਦਿੱਤੀ ਗਈ।
ਅਨਿਲ ਵਿੱਜ ਨੂੰ ਜਦੋਂ ਡੇਰਾ ਮੁਖੀ ਨੂੰ ਜੈੱਡ ਪਲੱਸ ਸੁਰੱਖਿਆ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਸਾਫ ਸ਼ਬਦਾਂ ਵਿਚ ਆਖ ਦਿੱਤਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਮੇਰੇ ਕੋਲ ਅਜਿਹੀ ਕੋਈ ਫਾਇਲ ਨਹੀਂ ਆਈ ਹੈ। ਦੱਸ ਦਈਏ ਕਿ ਸਰਕਾਰ ਨੇ ਖ਼ਾਲਿਸਤਾਨ ਸਮਰਥਕਾਂ ਤੋਂ ਡੇਰਾ ਸਿਰਸਾ ਮੁਖੀ ਦੀ ਜਾਨ ਨੂੰ ਖ਼ਤਰਾ ਦੱਸ ਕੇ ਸੁਰੱਖਿਆ ਦਿੱਤੀ ਗਈ ਹੈ। ਸੁਰੱਖਿਆ ਏਜੰਸੀਆਂ ਦੀਆਂ ਰਿਪੋਰਟਾਂ ਦੇ ਆਧਾਰ ’ਤੇ ਡੇਰਾ ਸਿਰਸਾ ਮੁਖੀ ਨੂੰ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਗਈ ਹੈ।
ਡੇਰਾ ਮੁਖੀ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸੁਨਾਰੀਆ ਜੇਲ੍ਹ ਤੋਂ ਗੁਰੂਗ੍ਰਾਮ ਸਥਿਤ ਡੇਰੇ ਤੱਕ ਪਹੁੰਚਾਇਆ ਗਿਆ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ ਡੇਰਾ ਮੁਖੀ ਨੂੰ ਆਪਣੀ ਬਿਮਾਰ ਮਾਂ ਨਾਲ ਮੁਲਾਕਾਤ ਲਈ ਇਕ ਦਿਨ ਦੀ ਪੈਰੋਲ ਦਿੱਤੀ ਗਈ ਸੀ। ਸਿਹਤ ਠੀਕ ਨਾ ਹੋਣ ਕਰ ਕੇ ਡੇਰਾ ਮੁਖੀ ਨੂੰ ਕਈ ਵਾਰ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anil vij, Gurmeet Ram Rahim, Gurmeet Ram Rahim Singh, Haryana