ਚੰਡੀਗੜ੍ਹ/ਹਰਿਆਣਾ: ਗੁਰੂਗ੍ਰਾਮ ਜ਼ਿਲ੍ਹੇ ਦੇ ਸਿੱਖਾਂ ਵੱਲੋਂ ਮੁਸਲਮਾਨਾਂ ਨੂੰ ਗੁਰਦੁਆਰਿਆਂ ਵਿੱਚ ਨਮਾਜ ਪੜ੍ਹਨ ਲਈ ਥਾਂ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਸਿੱਖ ਭਾਈਚਾਰੇ ਵੱਲੋਂ ਜੁੰਮੇ ਦੀ ਨਮਾਜ ਅਦਾ ਕਰਨ ਦੀ ਪੇਸ਼ਕਸ਼ ਕੁੱਝ ਦਿਨ ਪਹਿਲਾਂ ਇੱਕ ਵਿਅਕਤੀ ਵੱਲੋਂ ਕੀਤੇ ਉਪਰਾਲੇ ਨੂੰ ਵੇਖਦਿਆਂ ਕੀਤੀ ਗਈ।
ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਜਿਸ ਦੀ ਦੇਖ-ਰੇਖ ਹੇਠ ਪੰਜ ਗੁਰੂ ਘਰ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਗੁਰਦੁਆਰਾ ਸਾਹਿਬ ਹੈ, ਨੇ ਕਿਹਾ ਕਿ ਗੁਰੂ ਘਰ ਵਿੱਚ ਸਾਰੇ ਭਾਈਚਾਰਿਆਂ ਦਾ ਸੁਆਗਤ ਹੈ ਅਤੇ ਜੇਕਰ ਮੁਸਲਮਾਨਾਂ ਨੂੰ ਨਮਾਜ਼ ਅਦਾ ਕਰਨ ਵਿੱਚ ਕਿਸੇ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਗੁਰਦੁਆਰਿਆਂ ਨੂੰ ਇਸ ਉਦੇਸ਼ ਲਈ ਵਰਤਿਆ ਜਾ ਸਕਦਾ ਹੈ।
ਗੁਰਦੁਆਰਾ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ਼ੇਰਦਿਲ ਸਿੰਘ ਸੰਧੂ ਨੇ ਕਿਹਾ ਕਿ ਉਹ ਸਾਰੇ ਧਰਮਾਂ ਦੇ ਮੈਂਬਰਾਂ ਨੂੰ ਅਰਦਾਸ ਲਈ ਇਮਾਰਤ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣਗੇ। ਉਨ੍ਹਾਂ ਕਿਹਾ “ਮੁਸਲਿਮ ਭਾਈਚਾਰੇ ਨੂੰ ਜਗ੍ਹਾ ਦੀ ਘਾਟ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਉਹ ਸ਼ੁੱਕਰਵਾਰ ਦੀ ਨਮਾਜ਼ ਲਈ ਸਾਡੇ ਪੰਜ ਗੁਰਦੁਆਰਿਆਂ ਦੇ ਅਹਾਤੇ ਦੀ ਵਰਤੋਂ ਕਰ ਸਕਦੇ ਹਨ। ਸਾਰੇ ਧਰਮ ਇੱਕ ਹਨ ਅਤੇ ਸਾਨੂੰ ਮਾਨਵਤਾ ਅਤੇ ਮਨੁੱਖੀ ਕਦਰਾਂ-ਕੀਮਤਾਂ ਵਿੱਚ ਵਿਸ਼ਵਾਸ ਹੈ।" ਅਹੁਦੇਦਾਰਾਂ ਨੇ ਦੱਸਿਆ ਕਿ ਸਭਾ ਦੇ ਪੰਜ ਗੁਰਦੁਆਰਿਆਂ ਵਿੱਚ ਇੱਕ ਸਮੇਂ ਵਿੱਚ ਲਗਭਗ 2,000 ਤੋਂ 2,500 ਲੋਕ ਬੈਠ ਸਕਦੇ ਹਨ।
ਸਭਾ ਦੇ ਸੀਨੀਅਰ ਮੀਤ ਪ੍ਰਧਾਨ ਜੇਪੀ ਸਿੰਘ ਨੇ ਕਿਹਾ ਕਿ ਉਹ ਪ੍ਰਮਾਤਮਾ ਦੀ ਏਕਤਾ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਸਿੱਖ ਭਾਈਚਾਰਾ ਹਰ ਕਿਸੇ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਉਨ੍ਹਾਂ ਕਿਹਾ, “ਗੁਰਦੁਆਰਾ ਸਾਹਿਬ ਵਿਖੇ ਆਪਣੇ ਵਿਸ਼ਵਾਸਾਂ ਅਨੁਸਾਰ ਅਰਦਾਸ ਕਰਨ ਲਈ ਸਾਰਿਆਂ ਦਾ ਸੁਆਗਤ ਹੈ।"
ਪਿਛਲੇ ਦੋ ਮਹੀਨਿਆਂ ਦੌਰਾਨ, ਦੱਖਣਪੰਥੀ ਸੰਗਠਨਾਂ ਨੇ ਖੁੱਲ੍ਹੇ ਵਿੱਚ ਨਮਾਜ਼ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਖਾਸ ਕਰਕੇ ਸੈਕਟਰ 12 ਵਿੱਚ, ਅਤੇ 29 ਅਕਤੂਬਰ ਨੂੰ, 35 ਪ੍ਰਦਰਸ਼ਨਕਾਰੀਆਂ ਨੂੰ ਸ਼ੁੱਕਰਵਾਰ ਦੀ ਨਮਾਜ਼ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰਨ ਲਈ ਹਿਰਾਸਤ ਵਿੱਚ ਲਿਆ ਗਿਆ ਸੀ। ਮੁਸਲਿਮ ਭਾਈਚਾਰੇ ਦੇ ਨੁਮਾਇੰਦਿਆਂ ਨੇ ਸੈਕਟਰ 12 ਦੀ ਜਗ੍ਹਾ ਤੋਂ ਤਬਦੀਲ ਕਰਨ ਲਈ ਸਹਿਮਤੀ ਦਿੱਤੀ ਸੀ, ਪ੍ਰਸ਼ਾਸਨ ਨੂੰ ਉਨ੍ਹਾਂ ਨੂੰ ਬਦਲਵੀਂ ਜਗ੍ਹਾ ਅਲਾਟ ਕਰਨ ਅਤੇ ਵਕਫ਼ ਬੋਰਡ ਦੀਆਂ ਜਾਇਦਾਦਾਂ ਤੋਂ ਕਬਜ਼ੇ ਹਟਾਉਣ ਦੀ ਅਪੀਲ ਕੀਤੀ ਸੀ।
ਮੁਸਲਿਮ ਭਾਈਚਾਰੇ ਦੇ ਮੈਂਬਰਾਂ ਨੇ ਸ਼ੁੱਕਰਵਾਰ ਦੀ ਨਮਾਜ਼ ਅਦਾ ਕਰਨ ਲਈ ਬੰਦ ਥਾਵਾਂ ਦੀ ਘਾਟ ਦਾ ਹਵਾਲਾ ਦਿੰਦੇ ਹੋਏ, ਹੋਰ ਨਿਰਧਾਰਤ ਸਥਾਨਾਂ 'ਤੇ ਨਮਾਜ਼ ਅਦਾ ਕਰਨ ਲਈ ਪੁਲਿਸ ਸੁਰੱਖਿਆ ਦੀ ਮੰਗ ਕੀਤੀ।
ਗੁੜਗਾਉਂ ਮੁਸਲਿਮ ਕੌਂਸਲ ਅਤੇ ਗੁੜਗਾਉਂ ਨਾਗਰਿਕ ਏਕਤਾ ਮੰਚ ਦੇ ਸਹਿ-ਸੰਸਥਾਪਕ ਅਲਤਾਫ਼ ਅਹਿਮਦ ਨੇ ਕਿਹਾ, “ਮੈਨੂੰ ਭਰੋਸਾ ਹੈ ਕਿ ਭਾਈਚਾਰਿਆਂ ਵਿੱਚ ਵੱਧ ਤੋਂ ਵੱਧ ਲੋਕ ਆਪਣੀਆਂ ਨਿੱਜੀ ਜਾਇਦਾਦਾਂ ਦੀ ਪੇਸ਼ਕਸ਼ ਕਰਨ ਲਈ ਅੱਗੇ ਆਉਣਗੇ ਤਾਂ ਜੋ ਮੁਸਲਮਾਨ ਹਰ ਸ਼ੁੱਕਰਵਾਰ ਨੂੰ 30 ਮਿੰਟ ਲਈ ਜੁਮਾ ਦੀ ਨਮਾਜ਼ ਅਦਾ ਕਰ ਸਕਣ।"
ਪਿਛਲੇ ਹਫਤੇ, ਅਕਸ਼ੈ ਯਾਦਵ ਨੇ ਸ਼ੁੱਕਰਵਾਰ ਦੀ ਨਮਾਜ਼ ਲਈ ਸੈਕਟਰ 12 ਵਿੱਚ ਆਪਣੀ ਦੁਕਾਨ ਦੇ ਅਹਾਤੇ ਦੀ ਪੇਸ਼ਕਸ਼ ਕੀਤੀ ਸੀ ਜਿਸ ਕਰਕੇ ਉਸਨੂੰ ਹਰ ਪਾਸਿਓਂ ਪ੍ਰਸ਼ੰਸ਼ਾ ਮਿਲ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।