Lumpy Skin Disease Outbreak: ਇਸ ਸਮੇਂ ਰਾਜਸਥਾਨ 'ਚ 'ਲੰਪੀ ਸਕਿਨ ਡਿਜ਼ੀਜ਼' ਕਾਰਨ ਹਲਚਲ ਮਚੀ ਹੋਈ ਹੈ। ਇਹ ਇੱਕ ਵਾਇਰਲ ਰੋਗ ਹੈ, ਜੋ ਜਾਨਵਰਾਂ ਵਿੱਚ ਫੈਲਦਾ ਹੈ। ਹੁਣ ਤੱਕ ਰਾਜਸਥਾਨ ਵਿੱਚ ਹਜ਼ਾਰਾਂ ਪਸ਼ੂ ਇਸ ਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਹਨ।
ਇਸ ਵਾਇਰਸ ਨੂੰ ਲੈ ਕੇ ਲੋਕਾਂ ਵਿਚ ਚਿੰਤਾ ਵੀ ਵਧ ਰਹੀ ਹੈ। ਹਰ ਕੋਈ ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕੀ ਇਹ ਵਾਇਰਸ ਮਨੁੱਖਾਂ ਵਿੱਚ ਵੀ ਫੈਲ ਸਕਦਾ ਹੈ। ਲੋਕ ਪਹਿਲਾਂ ਹੀ ਕੋਰੋਨਾ ਅਤੇ ਮੰਕੀਪੌਕਸ ਵਰਗੇ ਸੰਕਰਮਣ ਕਾਰਨ ਸਹਿਮ ਵਿੱਚ ਹਨ।
ਅਜਿਹੇ 'ਚ ਇਕ ਹੋਰ ਨਵੇਂ ਵਾਇਰਸ ਨੂੰ ਲੈ ਕੇ ਤਣਾਅ ਵਧ ਗਿਆ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਲੰਪੀ ਵਾਇਰਸ ਕਿਵੇਂ ਫੈਲਦਾ ਹੈ ਅਤੇ ਇਸ ਨਾਲ ਇਨਸਾਨਾਂ ਨੂੰ ਕੀ-ਕੀ ਖ਼ਤਰੇ ਹੋ ਸਕਦੇ ਹਨ।
ਲੰਪੀ ਵਾਇਰਸ ਕਿਵੇਂ ਫੈਲਦਾ ਹੈ?
ਯੂਰਪੀਅਨ ਫੂਡ ਸੇਫਟੀ ਅਥਾਰਟੀ ਦੀ ਰਿਪੋਰਟ ਦੇ ਅਨੁਸਾਰ ਲੰਪੀ ਬਿਮਾਰੀ ਇੱਕ ਵਾਇਰਲ ਬਿਮਾਰੀ ਹੈ ਜੋ ਜਾਨਵਰਾਂ ਨੂੰ ਪ੍ਰਭਾਵਤ ਕਰਦੀ ਹੈ। ਇਹ ਆਮ ਤੌਰ 'ਤੇ ਖੂਨ ਚੂਸਣ ਵਾਲੇ ਕੀੜਿਆਂ, ਮੱਛਰਾਂ ਦੀਆਂ ਕੁਝ ਪ੍ਰਾਜਾਤੀਆਂ ਅਤੇ ਪਸ਼ੂਆਂ ਦੇ ਕੀੜੇ ਦੇ ਕੱਟਣ ਨਾਲ ਫੈਲਦੀ ਹੈ।
ਇਹ ਬਿਮਾਰੀ ਸੰਕਰਮਿਤ ਜਾਨਵਰ ਤੋਂ ਦੂਜੇ ਜਾਨਵਰਾਂ ਵਿੱਚ ਤੇਜ਼ੀ ਨਾਲ ਫੈਲਦੀ ਹੈ। ਇਸ ਦੀ ਲਪੇਟ ਵਿਚ ਆਏ ਪਸ਼ੂਆਂ ਨੂੰ ਬੁਖਾਰ ਹੋ ਜਾਂਦਾ ਹੈ ਅਤੇ ਚਮੜੀ 'ਤੇ ਨਿਸ਼ਾਨ ਬਣ ਜਾਂਦੇ ਹਨ। ਗੰਭੀਰ ਮਾਮਲਿਆਂ ਵਿੱਚ ਜਾਨਵਰ ਮਰ ਜਾਂਦੇ ਹਨ। ਇਸ ਬਿਮਾਰੀ ਤੋਂ ਬਚਣ ਲਈ ਪਸ਼ੂਆਂ ਦਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਇਸ ਦਾ ਕੋਈ ਪੱਕਾ ਇਲਾਜ ਨਹੀਂ ਹੈ। ਪਸ਼ੂਆਂ ਦੇ ਡਾਕਟਰ ਲੱਛਣਾਂ ਦੇ ਆਧਾਰ 'ਤੇ ਇਲਾਜ ਦਿੰਦੇ ਹਨ।
ਕੀ ਇਹ ਬਿਮਾਰੀ ਮਨੁੱਖਾਂ ਵਿੱਚ ਫੈਲ ਸਕਦੀ ਹੈ?
ਸਰ ਗੰਗਾ ਰਾਮ ਹਸਪਤਾਲ (ਨਵੀਂ ਦਿੱਲੀ) ਦੇ ਡਿਪਾਰਟਮੈਂਟ ਆਫ ਪ੍ਰੀਵੈਂਸ਼ਨ ਹੈਲਥ ਐਂਡ ਵੈਲਨੈਸ ਦੀ ਡਾਇਰੈਕਟਰ ਡਾ: ਸੋਨੀਆ ਰਾਵਤ ਦਾ ਕਹਿਣਾ ਹੈ ਕਿ ਲੰਪੀ ਚਮੜੀ ਰੋਗ ਜਾਨਵਰਾਂ ਵਿੱਚ ਫੈਲਣ ਵਾਲੀ ਇੱਕ ਬਿਮਾਰੀ ਹੈ। ਇਹ ਗਾਂ, ਮੱਝ, ਬੱਕਰੀ ਅਤੇ ਭੇਡਾਂ ਵਿੱਚ ਤੇਜ਼ੀ ਨਾਲ ਫੈਲ ਸਕਦਾ ਹੈ।
ਜੇਕਰ ਅਸੀਂ ਮਨੁੱਖਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿੱਚ ਇਸ ਬਿਮਾਰੀ ਦੇ ਫੈਲਣ ਦਾ ਖ਼ਤਰਾ ਨਾ-ਮਾਤਰ ਹੈ। ਹਾਲਾਂਕਿ, ਜਾਨਵਰਾਂ ਨੂੰ ਛੂਹਣ ਤੋਂ ਬਾਅਦ ਸਾਰੇ ਲੋਕਾਂ ਨੂੰ ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਅਤੇ ਆਪਣੇ ਪਸ਼ੂਆਂ ਨੂੰ ਇਸ ਲਾਗ ਤੋਂ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮਨੁੱਖ ਨੂੰ ਵੀ ਸੁਚੇਤ ਰਹਿਣਾ ਚਾਹੀਦਾ ਹੈ। ਸਮੇਂ ਸਿਰ ਪਸ਼ੂਆਂ ਦਾ ਟੀਕਾਕਰਨ ਕਰਕੇ ਇਸ ਬਿਮਾਰੀ ਦੇ ਖਤਰੇ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health news, Lumpy skin