ਸ਼ਿਮਲਾ: ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਦੁਪਹਿਰ 2 ਵਜੇ ਤੱਕ ਸੂਬੇ 'ਚ 08 ਲੋਕਾਂ ਦੀ ਮੌਤ ਹੋ ਗਈ ਅਤੇ 11 ਲੋਕ ਲਾਪਤਾ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸੂਬੇ ਵਿੱਚ 4 ਨੈਸ਼ਨਲ ਹਾਈਵੇਅ ਸਮੇਤ 336 ਸੜਕਾਂ ਬੰਦ ਹਨ।
ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਵਿੱਚ ਮੀਂਹ ਕਾਰਨ ਜੈਸਿੰਘਪੁਰ ਦਾ ਇਲਾਕਾ ਪਾਣੀ ਵਿੱਚ ਡੁੱਬ ਗਿਆ। ਇੱਥੇ ਕਾਲਜ ਦੇ ਨਾਲ ਲੱਗਦੀ ਖੱਡ ਵਿੱਚ ਹੜ੍ਹ ਆ ਗਿਆ ਅਤੇ ਇੱਥੇ ਸਭ ਕੁਝ ਪਾਣੀ ਵਿੱਚ ਡੁੱਬ ਗਿਆ।
ਕਾਂਗੜਾ ਵਿੱਚ ਅੰਗਰੇਜ਼ਾਂ ਦੇ ਸਮੇਂ ਦਾ ਚੱਕੀ ਪੁਲ ਹੜ੍ਹਾਂ ਕਾਰਨ ਢਹਿ ਗਿਆ। ਪੁਲ ਦਾ ਇੱਕ ਹਿੱਸਾ ਨੁਕਸਾਨਿਆ ਗਿਆ ਹੈ। ਹਾਲਾਂਕਿ ਇਸ ਦੇ ਖੰਭੇ 'ਚ ਕੁਝ ਦਿਨ ਪਹਿਲਾਂ ਹੀ ਦਰਾਰ ਦਿਖਾਈ ਦਿੱਤੀ ਸੀ ਅਤੇ ਇਸ ਕਾਰਨ ਇੱਥੋਂ ਰੇਲ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਸੀ।
ਮੰਡੀ ਜ਼ਿਲ੍ਹੇ ਵਿੱਚ ਵੀ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਮੰਡੀ ਦੇ ਗੋਹਰ ਵਿੱਚ ਪੰਚਾਇਤ ਮੁਖੀ ਦਾ ਘਰ ਢਿੱਗਾਂ ਦੀ ਲਪੇਟ ਵਿੱਚ ਆ ਗਿਆ ਹੈ। ਇੱਥੇ ਪਰਿਵਾਰ ਦੇ 7 ਮੈਂਬਰ ਦੱਬ ਗਏ ਸਨ, ਜਿਨ੍ਹਾਂ ਵਿੱਚੋਂ 3 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
ਚੰਡੀਗੜ੍ਹ ਮਨਾਲੀ ਹਾਈਵੇਅ 'ਤੇ ਇਕ ਟਰੱਕ ਢਿੱਗਾਂ ਦੀ ਲਪੇਟ 'ਚ ਆ ਗਿਆ। ਸੱਤ ਮੀਲ ਨੇੜੇ ਇਸ ਟਰੱਕ 'ਤੇ ਚੱਟਾਨ ਡਿੱਗੀ ਹੈ। ਸ਼ੁਕਰ ਹੈ ਡਰਾਈਵਰ ਵਾਲ-ਵਾਲ ਬਚ ਗਿਆ। ਇਕੱਲੇ ਮੰਡੀ ਜ਼ਿਲ੍ਹੇ ਵਿਚ 10 ਮੌਤਾਂ ਹੋਣ ਦੀ ਸੰਭਾਵਨਾ ਹੈ।
ਚੰਬਾ ਵਿੱਚ ਵੀ ਮੀਂਹ ਨੇ ਤਬਾਹੀ ਮਚਾਈ ਹੈ। ਇੱਥੇ ਭੱਟੀਆਂ ਵਿਖੇ ਇੱਕ ਮਕਾਨ 'ਤੇ ਮਲਬਾ ਡਿੱਗਣ ਕਾਰਨ ਪੁੱਤਰ ਅਤੇ ਮਾਤਾ-ਪਿਤਾ ਦੀ ਮੌਤ ਹੋ ਗਈ ਹੈ। ਤਿੰਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
ਚੰਬਾ ਵਿੱਚ ਹੀ ਡਲਹੌਜ਼ੀ ਵਿੱਚ ਪੰਜਾਬ ਰੋਡਵੇਜ਼ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਣੋਂ ਵਾਲ-ਵਾਲ ਬਚ ਗਈ। ਇੱਥੇ ਬੱਸ ਹਾਈਵੇਅ ਦੇ ਕਿਨਾਰੇ ਜਾ ਵੱਜੀ। ਬੱਸ ਵਿੱਚ ਕੁੱਲ 40 ਯਾਤਰੀ ਸਵਾਰ ਸਨ।
ਮੰਡੀ ਜ਼ਿਲੇ ਦੇ ਧਰਮਪੁਰ 'ਚ ਸੋਨ ਖੱਡ 'ਚ ਪਾਣੀ ਦਾ ਪੱਧਰ ਵਧਣ ਕਾਰਨ 2015 ਵਰਗਾ ਨਜ਼ਾਰਾ ਦੇਖਣ ਨੂੰ ਮਿਲਿਆ। ਧਰਮਪੁਰ ਬੱਸ ਅੱਡਾ ਪਾਣੀ ਵਿਚ ਡੁੱਬ ਗਿਆ, ਜਦੋਂ ਕਿ ਕੰਡਾਪਟਨ ਦੇ ਪੁਲ ਉਪਰੋਂ ਪਾਣੀ ਵਹਿਣ ਲੱਗਾ।
ਅਗਲੇ ਤਿੰਨ ਦਿਨਾਂ ਤੱਕ ਸੂਬੇ ਵਿੱਚ ਭਾਰੀ ਮੀਂਹ ਦੀ ਵੀ ਸੰਭਾਵਨਾ ਹੈ ਅਤੇ 24 ਅਗਸਤ ਤੱਕ ਯੈਲੋ ਅਲਰਟ ਰਹੇਗਾ। ਥਿਓਗ 'ਚ ਪੈਟਰੋਲ ਪੰਪ 'ਤੇ ਪੱਥਰ ਡਿੱਗਿਆ ਹੈ। ਸੀਐਮ ਜੈ ਰਾਮ ਠਾਕੁਰ ਨੇ ਰਾਹਤ ਅਤੇ ਬਚਾਅ ਲਈ ਸਾਰੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਨਿਰਦੇਸ਼ ਦਿੱਤੇ ਹਨ।
Published by: Drishti Gupta
First published: August 21, 2022, 10:37 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Himachal , Monsoon , National news , Shimla