ਪਿਛਲੇ ਕੁਝ ਸਾਲਾਂ ਤੋਂ ਦੁਨੀਆਂ ਵਿੱਚ ਬਿਮਾਰੀਆਂ ਦਾ ਦੌਰ ਚੱਲ ਰਿਹਾ ਹੈ। ਮਨੁੱਖ ਅਜੇ ਇੱਕ ਬਿਮਾਰੀ ਨਾਲ ਨਜਿੱਠਣ ਵਿੱਚ ਕਾਮਯਾਬ ਨਹੀਂ ਹੋਇਆ ਕਿ ਇੱਕ ਹੋਰ ਨਵੀਂ ਬਿਮਾਰੀ ਸਿਰ ਚੁੱਕ ਲੈਂਦੀ ਹੈ। ਇਸ ਵਾਰ ਦੁਨੀਆ ਭਰ ਦੇ ਡਾਕਟਰਾਂ ਅਤੇ ਸਿਹਤ ਸੇਵਾਵਾਂ ਨਾਲ ਜੁੜੇ ਲੋਕਾਂ ਦੀ ਹੈਪੇਟਾਈਟਸ ਦੇ ਗੰਭੀਰ ਮਾਮਲਿਆਂ ਨੇ ਚਿੰਤਾ ਵਧਾ ਦਿੱਤੀ ਹੈ।
ਹੈਪੇਟਾਈਟਸ ਇੱਕ ਲਿਵਰ ਦੀ ਬਿਮਾਰੀ ਹੈ ਜਿਸ ਕਾਰਨ ਲਿਵਰ ਵਿਚ ਸੋਜ ਆ ਜਾਂਦੀ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਨਵੇਂ ਹੈਪੇਟਾਈਟਸ ਦੇ 130 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬ੍ਰਿਟੇਨ ਦੇ ਹਨ।
ਜਨਵਰੀ ਤੋਂ ਲੈ ਕੇ ਹੁਣ ਤੱਕ ਬ੍ਰਿਟੇਨ ਵਿੱਚ ਕਿਸੇ ਰਹੱਸਮਈ ਵਾਇਰਸ ਕਾਰਨ ਹੈਪੇਟਾਈਟਸ ਦੇ 108 ਮਾਮਲੇ ਸਾਹਮਣੇ ਆਏ ਹਨ। ਖਾਸ ਗੱਲ ਇਹ ਹੈ ਕਿ ਇਹ ਸਾਰੇ ਮਾਮਲੇ ਬੱਚਿਆਂ ਦੇ ਹਨ। ਇਸ ਤੋਂ ਇਲਾਵਾ ਅਮਰੀਕਾ, ਇਜ਼ਰਾਈਲ, ਡੈਨਮਾਰਕ, ਆਇਰਲੈਂਡ, ਨੀਦਰਲੈਂਡ ਅਤੇ ਸਪੇਨ ਵਿੱਚ ਵੀ ਰਹੱਸਮਈ ਵਾਇਰਸ ਤੋਂ ਹੈਪੇਟਾਈਟਸ ਦੇ ਮਾਮਲੇ ਦਰਜ ਕੀਤੇ ਗਏ ਹਨ।
ਹੈਪੇਟਾਈਟਸ ਦੇ ਇਹ ਮਾਮਲੇ ਇੰਨੇ ਗੰਭੀਰ ਹਨ ਕਿ ਕਈ ਬੱਚਿਆਂ ਨੂੰ ਲਿਵਰ ਟ੍ਰਾਂਸਪਲਾਂਟ ਦਾ ਸਾਹਮਣਾ ਵੀ ਕਰਨਾ ਪਿਆ ਹੈ। ਮੈਡੀਕਲ ਜਗਤ ਨਾਲ ਜੁੜੇ ਲੋਕ ਵੀ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਚਿੰਤਤ ਹਨ ਕਿਉਂਕਿ ਆਮ ਤੌਰ 'ਤੇ ਹੋਣ ਵਾਲੇ ਵਾਇਰਸ ਕਾਰਨ ਅਜਿਹਾ ਨਹੀਂ ਹੋ ਰਿਹਾ। ਆਮ ਤੌਰ 'ਤੇ ਏ, ਬੀ, ਸੀ, ਡੀ ਅਤੇ ਈ ਵਾਇਰਸ ਹੈਪੇਟਾਈਟਸ ਹੋਣ ਲਈ ਜ਼ਿੰਮੇਵਾਰ ਹੁੰਦੇ ਹਨ।
ਹਾਲਾਂਕਿ, ਬਾਰਸੀਲੋਨਾ ਦੀ ਹੈਪੇਟੋਲੋਜੀ (hepatology) ਦੀ ਪ੍ਰੋਫੈਸਰ ਅਤੇ ਯੂਰਪੀਅਨ ਐਸੋਸੀਏਸ਼ਨ ਆਫ ਦਿ ਸਟੱਡੀ ਆਫ ਦਿ ਲਿਵਰ ਪਬਲਿਕ ਹੈਲਥ ਕਮੇਟੀ ਦੀ ਮੁਖੀ ਮਾਰੀਆ ਬੂਟੀ ਦਾ ਕਹਿਣਾ ਹੈ ਕਿ ਹੈਪੇਟਾਈਟਸ ਦੇ ਇਹ ਕੇਸ ਅਜੇ ਵੀ ਬਹੁਤ ਘੱਟ ਹਨ। ਪਰ ਇਹ ਸਭ ਬੱਚਿਆਂ ਨਾਲ ਸਬੰਧਤ ਹਨ, ਇਸ ਲਈ ਇਹ ਗੱਲ ਗੰਭੀਰ ਹੈ।
ਹੈਪੇਟਾਈਟਸ ਦੇ ਇਨ੍ਹਾਂ ਮਾਮਲਿਆਂ ਬਾਰੇ ਪਬਲਿਕ ਹੈਲਥ ਸਕਾਟਲੈਂਡ ਦੇ ਡਾਇਰੈਕਟਰ ਜਿਮ ਮੈਕਮੀਨਾਮਾਇਨ ਨੇ ਕਿਹਾ ਕਿ ਪਹਿਲਾਂ ਹੀ ਖੋਜ ਕੀਤੀ ਜਾ ਰਹੀ ਸੀ ਕਿ ਕੀ ਐਡੀਨੋਵਾਇਰਸ ਦਾ ਨਵਾਂ ਮਿਊਟੈਂਟ ਹੈਪੇਟਾਈਟਸ ਨੂੰ ਹੋਰ ਗੰਭੀਰ ਬਣਾਉਣ ਲਈ ਜ਼ਿੰਮੇਵਾਰ ਹੈ ਜਾਂ ਨਹੀਂ। ਵਿਗਿਆਨੀ ਹੁਣ ਇਸ ਗੱਲ ਦਾ ਅਧਿਐਨ ਕਰ ਰਹੇ ਹਨ ਕਿ ਕੀ ਕਿਸੇ ਹੋਰ ਵਾਇਰਸ ਨਾਲ ਰਲਣ ਕਾਰਨ ਇਹ ਸਮੱਸਿਆ ਹੋਰ ਗੰਭੀਰ ਹੋ ਰਹੀ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: China coronavirus, Corona vaccine, Coronavirus, Hepatiti, Who, WHO guidelines