
Earthquake in Himachal: ਤੇਜ਼ ਭੂਚਾਲ ਨਾਲ ਹਿੱਲੇ ਮਨਾਲੀ ਤੇ ਲਾਹੌਲ ਸਪੀਤੀ, 48 ਘੰਟਿਆਂ ‘ਚ ਤੀਜੀ ਵਾਰ ਆਇਆ ਭੂਚਾਲ
ਹਿਮਾਚਲ ਪ੍ਰਦੇਸ਼ ਦੇ ਮਨਾਲੀ ਤੇ ਲਾਹੌਲ ਸਪੀਤੀ ‘ਚ ਮੰਗਲਵਾਰ ਦੀ ਸਵੇਰ 6 ਵਜੇ ਦੇ ਕਰੀਬ ਭੂਚਾਲ ਦੇ ਤੇਜ਼ ਝਟਕਾ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਕਾਫ਼ੀ ਤੇਜ਼ ਸੀ, ਜਿਸ ਕਾਰਨ ਲੋਕ ਘਬਰਾ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਹਾਲਾਂਕਿ ਇਸ ਭੂਚਾਲ ਨਾਲ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। ਜਾਣਕਾਰੀ ਦੇ ਮੁਤਾਬਕ ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 4.3 ਦਰਜ ਕੀਤੀ ਗਈ। ਲਾਹੌਲ ਸਪੀਤੀ ਤੋਂ ਇਲਾਵਾ ਕੁੱਲੂ, ਮਨਾਲੀ ਅਤੇ ਮੰਡੀ ‘ਚ ਵੀ ਝਟਕੇ ਮਹਿਸੂਸ ਕੀਤੇ ਗਏ। ਪਰ ਹਾਲੇ ਤੱਕ ਇਨ੍ਹਾਂ ਵਿਚੋਂ ਕਿਸੇ ਵੀ ਜਗ੍ਹਾ ਤੋਂ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ।
ਦੱਸ ਦਈਏ ਕਿ ਹਿਮਾਚਲ ਦੀ ਧਰਤੀ 2 ਦਿਨਾਂ ਵਿੱਚ ਤੀਜੀ ਵਾਰ ਹਿੱਲੀ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸ਼ਿਮਲਾ ਤੇ ਐਤਵਾਰ ਨੂੰ ਚੰਬਾ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ। ਮਨਾਲੀ ਹੀ ਭੂਚਾਲ ਦਾ ਕੇਂਦਰ ਸੀ ਅਤੇ ਜ਼ਮੀਨ ਤੋਂ ਮਹਿਜ਼ 10 ਕਿਲੋਮੀਟਰ ਹੇਠਾਂ ਭੂਚਾਲ ਦਾ ਕੇਂਦਰ ਦੱਸਿਆ ਜਾ ਰਿਹਾ ਹੈ।
ਸ਼ਿਮਲਾ ਤੇ ਚੰਬਾ ‘ਚ ਵੀ ਆਇਆ ਸੀ ਭੂਚਾਲ
ਇਸ ਤੋਂ ਪਹਿਲਾਂ ਸੋਮਵਾਰ ਨੂੰ ਸ਼ਿਮਲਾ ‘ਚ ਘੱਟ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ। ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 2.1 ਦਰਜ ਕੀਤੀ ਗਈ ਸੀ ਅਤੇ ਇਹ ਭੂਚਾਲ ਤੜਕੇ 4 ਵਜੇ ਦੇ ਕਰੀਬ ਆਇਆ ਸੀ। ਭੂਚਾਲ ਦਾ ਕੇਂਦਰ ਜ਼ਮੀਨ ਤੋਂ ਸਿਰਫ਼ ਪੰਜ ਕਿਲੋਮੀਟਰ ‘ਤੇ ਸੀ। ਭੂਚਾਲ ਨਾਲ ਕਿਸੇ ਵੀ ਜਾਨ ਜਾਂ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ। ਉੱਧਰ, ਚੰਬਾ ਜ਼ਿਲ੍ਹੇ ‘ਚ ਵੀ ਐਤਵਾਰ ਨੂੰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਸੀ।
ਸਭ ਤੋਂ ਜ਼ਿਆਦਾ ਭੂਚਾਲ ਆਉਂਦੇ ਹਨ ਚੰਬਾ ‘ਚ
ਹਿਮਚਾਲ ਦੇ ਚੰਬਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਭੂਚਾਲ ਆਉਂਦੇ ਹਨ। ਇਸ ਤੋਂ ਬਾਅਦ ਕਿੰਨੌਰ, ਸ਼ਿਮਲਾ, ਬਿਲਾਸਪੁਰ ਅਤੇ ਮੰਡੀ ਸੰਵੇਦਨਸ਼ੀਲ ਜ਼ੋਨ ਵਿੱਚ ਸ਼ਾਮਲ ਹਨ। ਸ਼ਿਮਲਾ ਜ਼ਿਲ੍ਹੇ ਨੂੰ ਲੈਕੇ ਤਾਂ ਇਹ ਚੇਤਾਵਨੀ ਤੱਕ ਦਿੱਤੀ ਗਈ ਸੀ, ਕਿ ਇਹ ਸ਼ਹਿਰ ਭੂਚਾਲ ਵਰਗੀ ਕੁਦਰਤੀ ਮੁਸੀਬਤ ਨੂੰ ਸਹਿਣ ਲਈ ਤਿਆਰ ਨਹੀਂ ਹੈ। ਇਸ ਤੋਂ ਇਲਾਵਾ ਕਿੰਨੌਰ ‘ਚ 1975 ਵਿੱਚ ਵੱਡਾ ਭੂਚਾਲ ਆਇਆ ਸੀ। ਉੱਧਰ ਕਾਂਗੜਾ ‘ਚ 1905 ਵਿੱਚ ਭੂਚਾਲ ਆਇਆ ਸੀ, ਜਿਸ ਵਿੱਚ 20 ਹਜ਼ਾਰ ਲੋਕਾਂ ਦੀ ਜਾਨ ਗਈ ਸੀ। ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਹਿਮਾਲਯ ਦੇ ਆਲੇ ਦੁਆਲੇ ਸੰਘਣੀ ਅਬਾਦੀ ਵਾਲੇ ਦੇਸ਼ਾਂ ਵਿੱਚ ਭੂਚਾਲ ਕਾਰਨ ਭਾਰੀ ਤਬਾਹੀ ਹੋ ਸਕਦੀ ਹੈ। ਜੇਕਰ ਕਦੇ ਹਿਮਾਚਲ ਵਿੱਚ ਜ਼ਬਰਦਸਤ ਭੂਚਾਲ ਆਇਆ ਤਾਂ ਤਬਾਹੀ ਦਿੱਲੀ ਤੱਕ ਹੋਵੇਗੀ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।