Hisar Geyser Gas incident: ਹਰਿਆਣਾ ਦੇ ਹਿਸਾਰ ਵਿੱਚ ਇੱਕ ਪਰਿਵਾਰ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਉਸ ਦੇ 2 ਬੱਚਿਆਂ ਦੀ ਗੀਜਰ ਗੈਸ ਚੜ੍ਹਨ ਕਾਰਨ ਮੌਤ ਹੋ ਗਈ। ਘਟਨਾ ਦੌਰਾਨ ਦੋਵੇਂ ਬੱਚੇ ਨਹਾਉਣ ਗਏ ਸਨ, ਜੋ ਕਿ ਬਾਅਦ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦਿਲ ਕੰਬਾਊ ਘਟਨਾ ਨਾਗੌਰੀ ਗੇਟ ਨੇੜੇ ਸਿ਼ਆਮ ਵਾਲੀ ਗਲੀ ਦੀ ਹੈ, ਜਿਥੇ ਪਰਿਵਾਰ ਦੇ ਬੱਚਿਆਂ 13 ਸਾਲਾ ਮਾਧਵ ਅਤੇ 9 ਸਾਲਾ ਸੋਹਮ ਦੀ ਗੀਜਰ ਗੈਸ ਨੇ ਜਾਨ ਲੈ ਲਈ। ਦੋਵੇਂ ਬੱਚੇ ਵਾਲ ਕਟਵਾਉਣ ਤੋਂ ਬਾਅਦ ਨਹਾਉਣ ਗਏ ਸਨ।
ਬਾਥਰੂਮ ਦੇ ਅੰਦਰ ਗੈਸ ਗੀਜ਼ਰ ਲਗਾਇਆ ਹੋਇਆ ਸੀ। ਕੁਝ ਸਮੇਂ ਬਾਅਦ ਜਦੋਂ ਬੱਚਿਆਂ ਨੂੰ ਸੰਭਾਲਿਆ ਗਿਆ ਤਾਂ ਦੋਵੇਂ ਬੱਚੇ ਬੇਹੋਸ਼ ਸਨ। ਦੋਵੇਂ ਬੱਚੇ ਗੁਰੂਗ੍ਰਾਮ 'ਚ ਰਹਿੰਦੇ ਆਪਣੇ ਚਾਚੇ ਦੇ ਵਿਆਹ 'ਤੇ ਜਾਣ ਲਈ ਤਿਆਰ ਹੋ ਰਹੇ ਸਨ। ਉਸ ਦੀ ਮਾਂ ਘਰ ਵਿਚ ਸੀ ਜੋ ਵਿਆਹ ਦੀ ਤਿਆਰੀ ਕਰ ਰਹੀ ਸੀ।
ਵਾਲ ਕਟਵਾਉਣ ਤੋਂ ਬਾਅਦ ਦੋਵੇਂ ਲੱਗੇ ਸੀ ਨਹਾਉਣ
ਰਿਸ਼ਤੇਦਾਰਾਂ ਨੇ ਦੱਸਿਆ ਕਿ 13 ਸਾਲਾ ਮਾਧਵ ਅਤੇ 9 ਸਾਲਾ ਸੋਹਮ ਐਤਵਾਰ ਦੁਪਹਿਰ ਕਰੀਬ 1.15 ਵਜੇ ਗੁਆਂਢ ਦੇ ਇਕ ਸੈਲੂਨ ਤੋਂ ਵਾਲ ਕਟਵਾਉਣ ਆਏ ਸਨ। ਮਾਧਵ ਦੇ ਆਉਣ 'ਤੇ ਉਸ ਦੀ ਮਾਂ ਹਿਮਾਨੀ ਨੇ ਉਸ ਨੂੰ ਇਸ਼ਨਾਨ ਕਰਨ ਲਈ ਕਿਹਾ, ਉਦੋਂ ਤੱਕ ਸੋਹਮ ਵੀ ਆ ਜਾਵੇਗਾ। ਪਰ, ਮਾਧਵ ਨੇ ਕਿਹਾ ਕਿ ਦੋਵੇਂ ਭਰਾ ਇਕੱਠੇ ਇਸ਼ਨਾਨ ਕਰਨਗੇ। ਕੁਝ ਦੇਰ ਬਾਅਦ ਜਦੋਂ ਸੋਹਮ ਆਇਆ ਤਾਂ ਦੋਵੇਂ ਭਰਾ ਘਰ ਦੀ ਪਹਿਲੀ ਮੰਜ਼ਿਲ 'ਤੇ ਬਣੇ ਬਾਥਰੂਮ 'ਚ ਨਹਾਉਣ ਗਏ। ਬਾਥਰੂਮ ਦੀਆਂ ਖਿੜਕੀਆਂ ਬੰਦ ਸਨ।
ਬੱਚਿਆਂ ਨੇ ਬਿਨਾਂ ਕੁੰਡੀ ਦੇ ਦਰਵਾਜ਼ਾ ਬੰਦ ਕਰ ਦਿੱਤਾ ਸੀ। ਕਰੀਬ 10 ਮਿੰਟ ਬਾਅਦ ਮਾਂ ਹਿਮਾਨੀ ਨੇ ਦੋਵਾਂ ਬੱਚਿਆਂ ਨੂੰ ਬਾਥਰੂਮ ਤੋਂ ਬਾਹਰ ਆਉਣ ਲਈ ਬੁਲਾਇਆ। ਪਰ ਦੋਵਾਂ ਨੇ ਕੋਈ ਜਵਾਬ ਨਹੀਂ ਦਿੱਤਾ। ਜਦੋਂ ਹਿਮਾਨੀ ਨੇ ਟਾਇਲਟ ਜਾ ਕੇ ਦੇਖਿਆ ਤਾਂ ਦੋਵੇਂ ਮਾਸੂਮ ਬੇਹੋਸ਼ ਪਏ ਸਨ। ਉਸ ਨੂੰ ਬੇਹੋਸ਼ ਪਿਆ ਦੇਖ ਕੇ ਉਸ ਦੀ ਮਾਂ ਚੀਕ ਪਈ। ਸੂਚਨਾ ਮਿਲਣ 'ਤੇ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚੇ ਅਤੇ ਦੋਵਾਂ ਬੱਚਿਆਂ ਨੂੰ ਨਜ਼ਦੀਕੀ ਨਿੱਜੀ ਹਸਪਤਾਲ ਲੈ ਕੇ ਗਏ ਪਰ ਉੱਥੇ ਡਾਕਟਰ ਨੇ ਦੋਵਾਂ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ।
ਵਿਆਹ 'ਚ ਜਾਣ ਦੀ ਸੀ ਤਿਆਰੀ ਕਿ ਵਾਪਰ ਗਈ ਅਣਹੋਣੀ
ਬੱਚਿਆਂ ਦੇ ਪਿਤਾ ਸੌਰਭ ਸ਼ਹਿਰ ਵਿੱਚ ਹੀ ਫੋਟੋਗ੍ਰਾਫੀ ਲੈਬ ਚਲਾਉਂਦੇ ਹਨ। ਦੋਵਾਂ ਮਾਸੂਮਾਂ ਦੀ ਮੌਤ ਕਾਰਨ ਘਰ ਵਿੱਚ ਵਿਆਹ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ ਹਨ। ਪੂਰਾ ਪਰਿਵਾਰ ਗੁਰੂਗ੍ਰਾਮ 'ਚ ਰਹਿਣ ਵਾਲੇ ਸੌਰਭ ਦੇ ਮਾਮੇ ਦੇ ਬੇਟੇ ਦੇ ਵਿਆਹ 'ਚ ਸ਼ਾਮਲ ਹੋਣ ਦੀ ਤਿਆਰੀ ਕਰ ਰਿਹਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਘਟਨਾ ਵਾਪਰ ਗਈ। ਸੂਚਨਾ ਮਿਲਦੇ ਹੀ ਥਾਣਾ ਸਿਟੀ ਦੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਰਿਸ਼ਤੇਦਾਰਾਂ ਤੋਂ ਮਾਮਲੇ ਦੀ ਜਾਣਕਾਰੀ ਲਈ। ਰਿਸ਼ਤੇਦਾਰਾਂ ਨੇ ਬਿਨਾਂ ਪੋਸਟਮਾਰਟਮ ਕੀਤੇ ਸ਼ਾਮ ਨੂੰ ਦੋਵਾਂ ਦਾ ਸਸਕਾਰ ਕਰ ਦਿੱਤਾ। ਸਿਟੀ ਥਾਣਾ ਇੰਚਾਰਜ ਕੈਪਟਨ ਸਿੰਘ ਵੀ ਟੀਮ ਸਮੇਤ ਮੌਕੇ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਬੱਚਿਆਂ ਦੀ ਮੌਤ ਬਾਥਰੂਮ ਵਿੱਚ ਗੈਸ ਗੀਜ਼ਰ ਦੀ ਗੈਸ ਲੀਕ ਹੋਣ ਕਾਰਨ ਹੋਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gas, Haryana Police, Hisar