ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਵਿਚ ਆਨਰ ਕਿਲਿੰਗ (Honour Killing) ਦੀ ਇਕ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਪਰਿਵਾਰ ਨੇ ਆਪਣੀ ਹੀ ਧੀ ਦਾ ਸਿਰਫ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਉਸ ਦਾ ਪਿੰਡ ਦੇ ਇਕ ਲੜਕੇ ਨਾਲ ਪ੍ਰੇਮ ਸਬੰਧ ਸੀ।
ਇਸ ਮਾਮਲੇ 'ਚ ਨਾਂਦੇੜ ਪੁਲਿਸ ਨੇ ਲੜਕੀ ਦੇ ਮਾਤਾ-ਪਿਤਾ, ਮਾਮਾ ਅਤੇ ਦੋ ਭਰਾਵਾਂ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਨਾਂਦੇੜ ਜ਼ਿਲੇ ਦੀ ਲਿੰਬਗਾਓਂ ਪੁਲਿਸ ਨੂੰ ਆਪਣੇ ਗੁਪਤ ਸੂਤਰਾਂ ਤੋਂ ਸ਼ੁਭਾਂਗੀ ਜੋਗਦੰਡ ਨਾਂ ਦੀ ਲੜਕੀ ਦੇ ਤਿੰਨ ਦਿਨਾਂ ਤੋਂ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ।
ਪੁਲਿਸ ਨੂੰ ਗੁਪਤ ਸੂਤਰਾਂ ਨੇ ਦੱਸਿਆ ਕਿ ਸ਼ੁਭਾਂਗੀ ਤਿੰਨ ਦਿਨਾਂ ਤੋਂ ਪਿੰਡ 'ਚ ਨਜ਼ਰ ਨਹੀਂ ਆ ਰਹੀ ਹੈ। ਪੁਲਿਸ ਨੇ ਇਸ ਦੀ ਸੂਚਨਾ ਮਿਲਦੇ ਹੀ ਜਾਂਚ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਆਨਰ ਕਿਲਿੰਗ ਦੇ ਸੁਰਾਗ ਮਿਲੇ।
ਮਿਲੇ ਸੁਰਾਗ ਦੇ ਆਧਾਰ 'ਤੇ ਜਦੋਂ ਪੁਲਿਸ ਨੇ ਸ਼ੁਭਾਂਗੀ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਤਾਂ ਆਨਰ ਕਿਲਿੰਗ ਦਾ ਖੁਲਾਸਾ ਹੋਇਆ।
ਜਾਂਚ 'ਚ ਸਾਹਮਣੇ ਆਇਆ ਕਿ ਸ਼ੁਭਾਂਗੀ ਦੇ ਪਰਿਵਾਰ ਵਾਲਿਆਂ ਨੇ ਨਾ ਸਿਰਫ ਉਸ ਦੀ ਗਲਾ ਘੁੱਟ ਕੇ ਹੱਤਿਆ ਕੀਤੀ, ਸਗੋਂ ਉਸ ਦੀ ਲਾਸ਼ ਨੂੰ ਸਾੜ ਕੇ ਰਾਖ ਵੀ ਨਾਲੇ 'ਚ ਸੁੱਟ ਦਿੱਤੀ। ਇਸ ਮਾਮਲੇ 'ਚ ਪੁਲਿਸ ਨੇ ਲੜਕੀ ਦੇ ਪਰਿਵਾਰ ਦੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਮੁਤਾਬਕ ਮੈਡੀਕਲ ਦੀ ਵਿਦਿਆਰਥਣ ਸ਼ੁਭਾਂਗੀ ਨੂੰ ਆਪਣੇ ਹੀ ਪਿੰਡ ਦੇ ਇਕ ਲੜਕੇ ਨਾਲ ਪਿਆਰ ਹੋ ਗਿਆ ਸੀ, ਜੋ ਉਸ ਦੇ ਪਰਿਵਾਰ ਨੂੰ ਪਸੰਦ ਨਹੀਂ ਸੀ। 3 ਮਹੀਨੇ ਪਹਿਲਾਂ ਪਰਿਵਾਰ ਵਾਲਿਆਂ ਨੇ ਸ਼ੁਭਾਂਗੀ ਦਾ ਵਿਆਹ ਕਿਤੇ ਹੋਰ ਤੈਅ ਕੀਤਾ ਸੀ ਪਰ 8 ਦਿਨ ਪਹਿਲਾਂ ਰਿਸ਼ਤਾ ਟੁੱਟ ਗਿਆ। ਪਰਿਵਾਰ ਵਾਲੇ ਸ਼ੁਭਾਂਗੀ ਦੇ ਪ੍ਰੇਮ ਸਬੰਧਾਂ ਨੂੰ ਵਿਆਹ ਟੁੱਟਣ ਦਾ ਕਾਰਨ ਮੰਨਦੇ ਸਨ।
ਪਿੰਡ ਵਿੱਚ ਹੋਈ ਬਦਨਾਮੀ ਕਾਰਨ ਪਰਿਵਾਰ ਨੇ ਪਹਿਲਾਂ ਸ਼ੁਭਾਂਗੀ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਖੇਤ ਵਿੱਚ ਸਾੜ ਦਿੱਤਾ ਅਤੇ ਸੁਆਹ ਨੂੰ ਨਾਲ ਲੱਗਦੇ ਨਾਲੇ ਵਿੱਚ ਸੁੱਟ ਦਿੱਤਾ। ਪੰਜਾਂ ਮੁਲਜ਼ਮਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime against women, Crime news