ਸੋਲਨ: ਹਿਮਾਚਲ ਪ੍ਰਦੇਸ਼ ਦੇ ਸੋਲਨ 'ਚ ਸ਼ਹਿਰ ਦੇ ਮੱਧ 'ਚ ਮਾਲ ਰੋਡ 'ਤੇ ਸਥਿਤ ਚਿਲਡਰਨ ਪਾਰਕ ਦੇ ਪਬਲਿਕ ਟਾਇਲਟ 'ਚ ਇਕ ਵਿਅਕਤੀ ਨੇ ਪੈਟਰੋਲ ਛਿੜਕ ਕੇ ਖੁਦ ਨੂੰ ਅੱਗ ਲਗਾ ਲਈ। ਅੱਗ 'ਚ ਝੁਲਸ ਕੇ ਨੌਜਵਾਨ ਦੀ ਮੌਤ ਹੋ ਗਈ। ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਚਸ਼ਮਦੀਦਾਂ ਨੇ ਦੱਸਿਆ ਕਿ ਇੱਕ ਵਿਅਕਤੀ ਤੜਕੇ ਕਰੀਬ 2.05 ਵਜੇ ਟਾਇਲਟ ਦੇ ਬਹਾਨੇ ਟਾਇਲਟ ਦੇ ਅੰਦਰ ਗਿਆ। ਉਸ ਦੇ ਹੱਥ ਵਿਚ ਪੈਟਰੋਲ ਦੀ ਬੋਤਲ ਸੀ। ਕੁਝ ਦੇਰ ਬਾਅਦ ਟਾਇਲਟ ਦੇ ਅੰਦਰੋਂ ਧੂੰਆਂ ਉੱਠਣ ਲੱਗਾ। ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਇਕ ਵਿਅਕਤੀ ਨੂੰ ਅੱਗ ਲੱਗੀ ਹੋਈ ਸੀ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
ਪਾਰਕ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਨੌਜਵਾਨ ਨੂੰ ਟਾਇਲਟ ਦੇ ਅੰਦਰ ਪੈਟਰੋਲ ਦੀ ਬੋਤਲ ਲਿਜਾਂਦਾ ਦੇਖਿਆ ਗਿਆ। ਜਿਵੇਂ ਹੀ ਨੌਜਵਾਨ ਅੰਦਰ ਗਿਆ ਤਾਂ ਕਰੀਬ ਦੋ ਮਿੰਟ ਬਾਅਦ ਉਸ ਦੇ ਚੀਕਣ ਦੀ ਆਵਾਜ਼ ਸੁਣਾਈ ਦਿੱਤੀ ਅਤੇ ਧੂੰਆਂ ਉੱਠਦਾ ਦੇਖਿਆ ਗਿਆ। ਨੌਜਵਾਨ ਦੀ ਪਛਾਣ 28 ਸਾਲਾ ਮਹੇਸ਼ ਵਜੋਂ ਹੋਈ ਹੈ। ਉਹ ਪਟਿਆਲਾ, ਪੰਜਾਬ ਦਾ ਵਸਨੀਕ ਸੀ ਅਤੇ ਸੋਲਨ ਦੀ ਇੱਕ ਨਿੱਜੀ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ। ਮੁੱਢਲੀ ਜਾਂਚ 'ਚ ਪਤਾ ਲੱਗਾ ਹੈ ਕਿ ਮਹੇਸ਼ ਪਿਛਲੇ ਕੁਝ ਦਿਨਾਂ ਤੋਂ ਡਿਪ੍ਰੈਸ਼ਨ 'ਚ ਚੱਲ ਰਿਹਾ ਸੀ।
ਮਾਮਲੇ ਦੀ ਪੁਸ਼ਟੀ ਕਰਦਿਆਂ ਏਐਸਪੀ ਸੋਲਨ ਅਸ਼ੋਕ ਵਰਮਾ ਨੇ ਦੱਸਿਆ ਕਿ ਚਿਲਡਰਨ ਪਾਰਕ ਵਿੱਚ ਬਣੇ ਪਬਲਿਕ ਟਾਇਲਟ ਵਿੱਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ। ਪੁਲਿਸ ਨੇ ਲਾਸ਼ ਨੂੰ ਖੇਤਰੀ ਹਸਪਤਾਲ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।