ਵੈਸ਼ਾਲੀ : ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਤੋਂ ਕਤਲ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਵਿਆਹ ਦੇ 1 ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਵਿਆਹੁਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਔਰਤ ਦਾ ਕਤਲ ਕਰਨ ਤੋਂ ਬਾਅਦ ਉਸਦੀ ਲਾਸ਼ ਗੰਗਾ ਨਦੀ ਵਿੱਚ ਸੁੱਟ ਦਿੱਤੀ ਗਈ। ਪੁਲਿਸ ਨੇ ਘਟਨਾ ਦੇ ਦੋ ਦਿਨ ਬਾਅਦ ਮ੍ਰਿਤਕ ਦੀ ਲਾਸ਼ ਬਰਾਮਦ ਕਰ ਲਈ। ਵਿਆਹੁਤਾ ਦੇ ਪਤੀ 'ਤੇ ਕਤਲ ਦਾ ਇਲਜ਼ਾਮ ਲਗਾਇਆ ਗਿਆ ਹੈ। ਦੋਸ਼ ਹੈ ਕਿ ਮ੍ਰਿਤਕਾ ਦੇ ਪਤੀ ਨੇ ਬੁਲੇਟ ਬਾਈਕ ਦੀ ਮੰਗ ਕੀਤੀ ਸੀ। ਮੰਗ ਪੂਰੀ ਨਾ ਕਰਨ 'ਤੇ ਔਰਤ ਦਾ ਕਤਲ ਕਰ ਦਿੱਤਾ ਗਿਆ। ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਉਣ ਤੋਂ ਪਹਿਲਾਂ ਹੀ ਔਰਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਫਿਲਹਾਲ ਸਥਾਨਕ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਵੈਸ਼ਾਲੀ ਦੇ ਬਿਦੂਪੁਰ 'ਚ ਦਾਜ ਲਈ ਨਵ-ਵਿਆਹੁਤਾ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਗੰਗਾ ਨਦੀ 'ਚ ਸੁੱਟ ਦਿੱਤਾ ਗਿਆ। ਨਵ-ਵਿਆਹੁਤਾ ਦਾ 6 ਜੂਨ ਨੂੰ ਕਤਲ ਕਰ ਦਿੱਤਾ ਗਿਆ ਸੀ ਅਤੇ ਰਿਸ਼ਤੇਦਾਰਾਂ ਦੀ ਦਰਖਾਸਤ ’ਤੇ ਪੁਲੀਸ ਨੇ 8 ਜੂਨ ਨੂੰ ਗੰਗਾ ਨਦੀ ਵਿੱਚੋਂ ਲਾਸ਼ ਬਰਾਮਦ ਕੀਤੀ ਸੀ। ਔਰਤ ਦੇ ਪਤੀ 'ਤੇ ਕਤਲ ਦਾ ਦੋਸ਼ ਹੈ। ਮੁਲਜ਼ਮ ਪਤੀ ਅਤੇ ਹੋਰ ਸਹੁਰੇ ਘਰ ਛੱਡ ਕੇ ਫਰਾਰ ਹਨ। ਪੁਲਿਸ ਵੱਲੋਂ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜੁਗਨਪੁਰ ਥਾਣਾ ਖੇਤਰ ਦੇ ਪਿੰਡ ਪੂਰਬੀ ਰਾਘੋਪੁਰ ਵਾਸੀ ਅਤੇ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਨੇ 16 ਜੁਲਾਈ 2021 ਨੂੰ ਆਪਣੀ ਲੜਕੀ ਰੂਪਾ ਦਾ ਵਿਆਹ ਬਿਦੂਪੁਰ ਵਾਸੀ ਰੌਸ਼ਨ ਨਾਲ ਕੀਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਵਿਆਹ ਵਿੱਚ ਪੰਜ ਲੱਖ ਰੁਪਏ ਨਕਦੀ ਸਮੇਤ ਸਾਮਾਨ ਵੀ ਦਿੱਤਾ ਗਿਆ ਸੀ ਪਰ ਵਿਆਹ ਤੋਂ ਬਾਅਦ ਰੂਪਾ ਨੂੰ ਉਸ ਦੇ ਪਤੀ ਅਤੇ ਸਹੁਰਿਆਂ ਵੱਲੋਂ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ।
ਮ੍ਰਿਤਕ ਰੂਪਾ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ ਦੀ ਅਕਸਰ ਕੁੱਟਮਾਰ ਹੁੰਦੀ ਸੀ। ਉਸ ਨੇ ਦੱਸਿਆ ਕਿ 6 ਜੂਨ ਦੀ ਸ਼ਾਮ ਨੂੰ ਪਤਾ ਲੱਗਾ ਕਿ ਉਸ ਦੀ ਲੜਕੀ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਸਬੂਤ ਛੁਪਾਉਣ ਲਈ ਲਾਸ਼ ਗਾਇਬ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਜਦੋਂ ਉਹ ਬੇਟੀ ਦੇ ਸਹੁਰੇ ਘਰ ਪਹੁੰਚੇ ਤਾਂ ਘਰ ਨੂੰ ਤਾਲਾ ਲੱਗਿਆ ਹੋਇਆ ਸੀ ਅਤੇ ਬੇਟੀ ਜਾਂ ਉਸ ਦੀ ਲਾਸ਼ ਘਰ 'ਚ ਨਹੀਂ ਸੀ। ਪਰਿਵਾਰਕ ਮੈਂਬਰਾਂ ਨੇ ਇਸ ਦੀ ਸ਼ਿਕਾਇਤ ਬਿਦੂਪੁਰ ਥਾਣੇ 'ਚ ਕੀਤੀ, ਜਿਸ ਤੋਂ ਬਾਅਦ ਪੁਲਸ ਲਾਸ਼ ਦੀ ਭਾਲ ਕਰਨ ਲੱਗੀ। ਇਸੇ ਦੌਰਾਨ ਦੇਰ ਸ਼ਾਮ ਵਿਆਹੁਤਾ ਔਰਤ ਦੀ ਲਾਸ਼ ਗੰਗਾ ਨਦੀ ਵਿੱਚੋਂ ਬਰਾਮਦ ਹੋਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਮੁਲਜ਼ਮ ਸਹੁਰੇ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bihar, Crime news, Dowry, Murder