ਅਯੁਧਿਆ ਵਿਖੇ ਬੀਤੀ ਰਾਤ ਤੋਂ ਸ਼ੁਰੂ ਹੋਈ ਰਾਮ ਨਗਰੀ ਦੀ 14 ਕੋਸੀ ਪਰਿਕਰਮਾ ਬੁੱਧਵਾਰ ਨੂੰ ਵੀ ਪੂਰੇ ਪ੍ਰਵਾਹ ਨਾਲ ਜਾਰੀ ਰਹੀ। ਮੰਗਲਵਾਰ ਦੇਰ ਰਾਤ 1:30 ਵਜੇ ਦੇ ਕਰੀਬ ਹਨੂੰਮਾਨ ਗੁਫਾ ਦੇ ਨੁੱਕਰ 'ਤੇ ਸ਼ਰਧਾਲੂਆਂ ਦੀ ਭਾਰੀ ਭੀੜ ਵਿਚਾਲੇ ਪਰਿਕਰਮਾ ਦੇ ਰਸਤੇ 'ਤੇ ਕੁਝ ਸਮੇਂ ਲਈ ਹਫੜਾ-ਦਫੜੀ ਮੱਚ ਗਈ ਸੀ। ਲੋਕਾਂ ਦੀ ਗਿਣਤੀ ਜ਼ਿਆਦਾ ਹੋਣ ਦੇ ਕਾਰਨ ਕਈ ਸ਼ਰਧਾਲੂ ਬੇਹੋਸ਼ ਹੋ ਗਏ। ਜਿਨ੍ਹਾਂ ਵਿੱਚੋਂ ਕੱੁਝ ਸ਼ਰਧਾਲੂਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਸ ਘਟਨਾ ਨੂੰ ਲੈ ਕੇ ਮੈਜਿਸਟ੍ਰੇਟ ਲਕਸ਼ਮਣ ਪ੍ਰਸਾਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਫੜਾ-ਦਫੜੀ ਮਚਣ ਵਿਚਾਲੇ ਪੁਲਿਸ ਤੁਰੰਤ ਸਰਗਰਮ ਹੋ ਗਈ ਅਤੇ ਐਂਬੂਲੈਂਸ ਦੀ ਮਦਦ ਨਾਲ ਬੇਹੋਸ਼ ਸ਼ਰਧਾਲੂਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ। ਇਸ ਘਟਨਾ ਨੂੰ ਲੈ ਕੇ ਡਾਕਟਰਾਂ ਨੇ ਦੱਸਿਆ ਕਿ ਸਾਹ ਲੈਣ ਵਿੱਚ ਤਕਲੀਫ਼ ਅਤੇ ਘਬਰਾਹਟ ਕਾਰਨ ਬਜ਼ੁਰਗ ਸ਼ਰਧਾਲੂ ਪਰੇਸ਼ਾਨ ਹੋ ਗਏ ਸਨ ਪਰ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਜਲਦੀ ਹੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ।
ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਦੌਰਾਨ 14 ਕੋਸੀ ਦੀ ਪਰਿਕਰਮਾ ਬਿਨਾਂ ਕਿਸੇ ਰੁਕਾਵਟ ਦੇ ਸੁਚਾਰੂ ਰੂਪ ਦੇ ਨਾਲ ਜਾਰੀ ਰਹੀ। ਪਰਿਕਰਮਾ ਦਾ ਸਮਾਂ ਅੱਧੀ ਰਾਤ ਤੋਂ ਬਾਅਦ 12:47 ਵਜੇ ਦਾ ਸੀ ਪਰ ਸ਼ਰਧਾਲੂ ਮੁਹੱਰਤੇ ਤੋਂ ਘੰਟੇ ਪਹਿਲਾਂ ਪੂਰੇ ਉਤਸ਼ਾਹ ਨਾਲ ਪਰਿਕਰਮਾ ਦੇ ਰੂਟ 'ਤੇ ਚੱਲਦੇ ਰਹੇ। ਮੁਹੂਰਤ ਸ਼ੁਰੂ ਹੋਣ ਤੋਂ ਬਾਅਦ ਰਾਮਨਗਰੀ ਦੇ 42 ਕੋਸ ਦੇ ਘੇਰੇ ਵਿੱਚ ਇੱਕ ਤਿਲ ਵੀ ਰੱਖਣ ਦੀ ਥਾਂ ਨਹੀਂ ਸੀ। ਕੁੱਝ ਘੰਟਿਆਂ ਤੱਕ ਪੁਲਿਸ ਵੀ ਭੀੜ ਅੱਗੇ ਬੇਵੱਸ ਨਜ਼ਰ ਆਈ ਅਤੇ ਭੀੜ ਨੂੰ ਕਾਬੂ ਕਰਨ ਲਈ ਕਾਫੀ ਜੱਦੋ-ਜਹਿਦ ਕਰਨੀ ਪਈ।
ਬੁੱਧਵਾਰ ਨੂੰ ਸੂਰਜ ਚੜ੍ਹਨ ਨਾਲ ਸ਼ਰਧਾਲੂਆਂ ਦਾ ਆਉਣਾ ਜਾਰੀ ਰਿਹਾ ਇਨ੍ਹਾਂ ਸ਼ਰਧਾਲੂਆਂ ਦੇ ਵਿੱਚ ਨੌਜਵਾਨਾਂ ਅਤੇ ਸਿਆਣੇ ਲੋਕਾਂ ਤੋਂ ਇਲਾਵਾ ਬਜ਼ੁਰਗਾਂ ਅਤੇ ਔਰਤਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਰਾਮ ਜਨਮ ਭੂਮੀ 'ਤੇ ਮੰਦਿਰ ਦੇ ਨਿਰਮਾਣ ਅਤੇ ਦੋ ਸਾਲਾਂ ਤੱਕ ਕੋਰੋਨਾ ਸੰਕਟ ਤੋਂ ਮੁਕਤ ਹੋਣ ਤੋਂ ਬਾਅਦ ਵੱਡੀ ਗਿਣਤੀ 'ਚ ਲੋਕਾਂ ਨੇ ਪਰਿਕਰਮਾ 'ਚ ਸ਼ਮੂਲੀਅਤ ਕੀਤੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।