ਮੰਗਲਵਾਰ ਨੂੰ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਤੋਂ ਇੱਕ ਦਰਦਨਾਕ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਮੰਗਲਵਾਰ ਨੂੰ ਮੈਟਰੋ ਦਾ ਇੱਕ ਨਿਰਮਾਣ ਅਧੀਨ ਪਿੱਲਰ ਅਚਾਨਕ ਡਿੱਗ ਗਿਆ। ਜਿਸ ਕਾਰਨ ਇੱਕ ਬਾਈਕ ਸਵਾਰ ਪਰਿਵਾਰ ਇਸ ਦੀ ਲਪੇਟ 'ਚ ਆ ਗਿਆ। ਇਸ ਹਾਦਸ 'ਚ ਪਤੀ-ਪਤਨੀ ਅਤੇ 2 ਬੱਚੇ ਗੰਭੀਰ ਜ਼ਖਮੀ ਹੋ ਗਏ।ਹਸਪਤਾਲ ਦੇ ਵਿੱਚ ਇਲਾਜ ਦੌਰਾਨ ਔਰਤ ਅਤੇ ਉਸ ਦੇ ਢਾਈ ਸਾਲ ਦੇ ਬੇਟੇ ਦੀ ਮੌਤ ਹੋ ਗਈ।
ਸਮਾਚਾਰ ਏਜੰਸੀ ਪੀਟੀਆਈ ਦੇ ਮੁਤਾਬਕ ਇਹ ਘਟਨਾ ਐਚਬੀਆਰ ਲੇਆਉਟ ਦੇ ਕੋਲ ਆਉਟਰ ਰਿੰਗ ਰੋਡ ਉੱਤੇ ਵਾਪਰੀ ਸੀ। ਪੁਲਿਸ ਦੇ ਮੁਤਾਬਕ ਇਹ ਘਟਨਾ ਸਵੇਰੇ 11 ਵਜੇ ਦੇ ਕਰੀਬ ਵਾਪਰੀ ਸੀ। ਪਿੱਲਰ ਦੇ ਨਿਰਮਾਣ ਲਈ ਲਗਾਇਆ ਗਿਆ ਟੀਐਮਟੀ ਰੀਬਾਰ ਉਸ ਸਮੇਂ ਬਾਈਕ ਸਵਾਰ ਪਰਿਵਾਰ 'ਤੇ ਡਿੱਗ ਗਿਆ ਜਦੋਂ ਇਹ ਲਗਾਇਆ ਜਾ ਰਿਹਾ ਸੀ।ਇਸ ਥੰਮ੍ਹ ਦੀ ਉਚਾਈ 40 ਫੁੱਟ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ ਅਤੇ ਭਾਰ ਕਈ ਟਨ ਦੱਸਿਆ ਜਾ ਰਿਹਾ ਹੈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬੰਗਲੁਰੂ ਪੂਰਬੀ ਦੇ ਡੀਸੀਪੀ ਡਾ. ਭੀਮਾਸ਼ੰਕਰ ਐਸ. ਗੁਲੇਦ ਨੇ ਦੱਸਿਆ ਕਿ ਇਹ ਜੋੜਾ ਆਪਣੇ ਬੇਟੇ ਅਤੇ ਬੇਟੀ ਦੇ ਨਾਲ ਬੈਂਗਲੁਰੂ ਹੇਬਲ ਵੱਲ ਜਾ ਰਿਹਾ ਸੀ ਜਦੋਂ ਮੈਟਰੋ ਦਾ ਪਿੱਲਰ ਉਨ੍ਹਾਂ 'ਤੇ ਡਿੱਗ ਗਿਆ। ਮਾਂ-ਪੁੱਤ ਬਾਈਕ ਦੇ ਪਿੱਛੇ ਬੈਠੇ ਹੋਏ ਸਨ, ਜਿਸ ਕਾਰਨ ਉਨ੍ਹਾਂ ਨੂੰ ਜ਼ਿਆਦਾ ਸੱਟਾਂ ਲੱਗੀਆਂ। ਮ੍ਰਿਤਕਾਂ ਦੀ ਪਛਾਣ ਤੇਜਸਵਿਨੀ ਅਤੇ ਉਸ ਦੇ ਢਾਈ ਸਾਲ ਦੇ ਬੇਟੇ ਵਿਹਾਨ ਵਜੋਂ ਹੋਈ ਹੈ।
ਡੀਸੀਪੀ ਮੁਤਾਬਕ ਲੋਹਿਤ ਨਾਮ ਦਾ ਵਿਅਕਤੀ ਬਾਈਕ ਚਲਾ ਰਿਹਾ ਸੀ, ਜਦੋਂਕਿ ਉਸ ਦੀ ਪਤਨੀ ਤੇਜਸਵਿਨੀ ਅਤੇ ਦੋ ਜੁੜਵਾ ਬੱਚੇ ਜਿਨ੍ਹਾਂ ’ਚ ਇੱਕ ਬੇਟਾ ਅਤੇ ਇੱਕ ਬੇਟੀ ਸਵਾਰ ਸਨ।ਇਸ ਹਾਦਸੇ 'ਚ ਗੰਭੀਰ ਰੂਪ 'ਚ ਜ਼ਖਮੀ ਤੇਜਸਵਿਨੀ ਅਤੇ ਉਸ ਦੇ ਬੇਟੇ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਕਾਰਨ ਆਊਟਰ ਰਿੰਗ ਰੋਡ ’ਤੇ ਕੁਝ ਸਮੇਂ ਲਈ ਜਾਮ ਲੱਗ ਗਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਤੰਬਰ 2022 'ਚ ਬੈਂਗਲੁਰੂ 'ਚ ਇੱਕ ਭਿਆਨਕ ਹਾਦਸਾ ਵਪਰਿਆ ਸੀ, ਜਿਸ 'ਚ ਸੜਕ ਪਾਰ ਕਰਦੇ ਸਮੇਂ ਇੱਕ ਲੜਕੀ ਨੂੰ ਕਾਰ ਨੇ ਟੱਕਰ ਮਾਰ ਦਿੱਤੀ ਸੀ। ਕਾਰ ਦੀ ਟੱਕਰ ਹੁੰਦੇ ਹੀ ਲੜਕੀ ਹਵਾ ਵਿੱਚ ਉਛਲ ਕੇ ਦੂਰ ਜਾ ਡਿੱਗੀ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।