ਬਿਹਾਰ ਦੇ ਛਪਰਾ ਵਿਖੇ ਬਾਲ ਕੈਦੀਆਂ ਦੇ ਵੱਲੋਂ ਹੋਮਗਾਰਡ ਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਮਿਲੀ ਜਾਣਕਾਰੀ ਦੇ ਮੁਤਾਬਕ ਛਪਰਾ ਦੇ ਰਿਮਾਂਡ ਹੋਮ ਵਿੱਚ ਸ਼ਨੀਵਾਰ ਸਵੇਰੇ ਹੋਮਗਾਰਡ ਜਵਾਨ ਚੰਦਰ ਭੂਸ਼ਣ ਸਿੰਘ ਦਾ ਬਾਲ ਕੈਦੀਆਂ ਦੇ ਵੱਲੋਂ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਦਰਅਸਲ ਜਦੋਂ ਚੰਦਰ ਭੂਸ਼ਣ ਸਿੰਘ ਸਵੇਰੇ ਕੈਦੀਆਂ ਦਾ ਜਾਇਜ਼ਾ ਲੈਣ ਵਾਰਡ ਦੇ ਅੰਦਰ ਪਹੁੰਚਿਆ ਤਾਂਉਸ ਵੇਲੇ ਸਾਰੇ ਕੈਦੀਆਂ ਨੇ ਉਸ ਨੂੰ ਫੜ ਲਿਆ ਅਤੇ ਪਹਿਲਾਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ।ਇਸ ਵਾਰਦਾਤ ਦੇ ਸਮੇਂ ਹੋਮ ਗਾਰਡ ਦੇ ਦੋ ਹੋਰ ਜਵਾਨ ਵੀ ਮੌਕੇ ’ਤੇ ਮੌਜੂਦ ਸਨ ਜਿਨ੍ਹਾਂ ਨੇ ਕਿਸੇ ਤਰ੍ਹਾਂ ਚੰਦਰ ਭੂਸ਼ਣ ਸਿੰਘ ਨੂੰ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ। ਪਰ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਮੰਟੂ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਚੰਦਰ ਭੂਸ਼ਣ ਸਿੰਘ ਦੇ ਜ਼ਖ਼ਮੀ ਹੋਣ ਦੀ ਖਬਰ ਮਿਲੀ ਸੀ। ਇਸ ਤੋਂ ਬਾਅਦ ਜਦੋਂ ਉਹ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਚੰਦਰ ਭੂਸ਼ਣ ਸਿੰਘ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕ ਦੇ ਭਰਾ ਮੰਟੂ ਸਿੰਘ ਨੇ ਵੀ ਇਸ ਮਾਮਲੇ ਵਿੱਚ ਪੁਿਲਸ ਮੁਲਾਜ਼ਮਾਂ ਦੇ ਉੱਪਰ ਲਾਪਰਵਾਹੀ ਵਰਤਣ ਦਾ ਇਲਜ਼ਾਮ ਲਗਾਇਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਭਗਵਾਨ ਬਾਜ਼ਾਰ ਥਾਣਾ ਮੁਖੀ ਰੰਜਨ ਕੁਮਾਰ ਵੀ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਉਨ੍ਹਾਂ ਮੀਡੀਆ ਨੂੰ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।
ਇਸ ਦੌਰਾਨ ਐਸਪੀ ਗੌਰਵ ਮੰਗਲਾ ਦੇ ਵੱਲੋਂ ਵੀ ਰਿਮਾਂਡ ਹੋਮ ਵਿੱਚ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਰਿਮਾਂਡ ਹੋਮ ਦੇ ਵਿੱਚ ਲੱਗੇ ਸੀਸੀਟੀਵੀ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿੱਚ ਕੁਝ ਅਹਿਮ ਸਬੂਤ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਰਿਮਾਂਡ ਹੋਮ ਵਿੱਚ ਚਾਕੂ ਕਿੱਥੋਂ ਆਇਆ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਹਥਿਆਰ ਲਿਆਉਣ ਦੀ ਸਖਤ ਮਨਾਹੀ ਹੈ।
ਤੁਹਾਨੂੰ ਦੱਸ ਦਈਏ ਕਿ ਰਿਮਾਂਡ ਹੋਮ ਦੇ ਵਿੱਚ ਕਤਲ ਦੀ ਖਬਰ ਦੀ ਕਵਰੇਜ ਦੌਰਾਨ ਜਾਂਚ ਲਈ ਮੌਕੇ 'ਤੇ ਪਹੁੰਚੇ ਬਾਲ ਸੁਰੱਖਿਆ ਗ੍ਰਹਿ ਦੇ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਬਦਸਲੂਕੀ ਵੀ ਕੀਤੀ ਸੀ। ਹਾਲਾਂਕਿ ਹੰਗਾਮੇ ਤੋਂ ਬਾਅਦ ਪੁਲਿਸ ਨੇ ਮਾਮਲਾ ਸ਼ਾਂਤ ਕਰਵਾ ਦਿੱਤਾ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bihar, Crime news, Home guard, Murder