ਇਸ ਸਾਲ ਦਾ ਅਕਤੂਬਰ ਮਹੀਨਾ ਭਾਰਤ ਸਰਕਾਰ ਦੇ ਲਈ ਰਾਹਤ ਲੈ ਕੇ ਆਇਆ ਹੈ ਦਰਅਸਲ ਅਕਤੂਬਰ ਮਹੀਨੇ ਵਿੱਚ ਦੂਜੀ ਵਾਰ ਜੀਐੱਸਟੀ ਕੁਲੈਕਸ਼ਨ 1.5 ਲੱਖ ਕਰੋੜ ਰੁਪਏ ਦਾ ਰਿਕਾਰਡ ਪਾਰ ਕਰ ਗਈ ਹੈ। ਕੇਂਦਰੀ ਵਿੱਤ ਮੰਤਰਾਲੇ ਨੇ ਮੰਗਲਵਾਰ ਨੂੰ ਜੀਐੱਸਟੀ ਸਬੰਧੀ ਅੰਕੜੇ ਜਾਰੀ ਕਰਦਿਆਂ ਦੱਸਿਆ ਕਿ ਇਸ ਸਾਲ ਅਕਤੂਬਰ ਅਜਿਹਾ ਦੂਜਾ ਮਹੀਨਾ ਸੀ ਜਦੋਂ ਜੀਐਸਟੀ ਦੀ ਕੁਲੈਕਸ਼ਨ ਸਭ ਤੋਂ ਜ਼ਿਆਦਾ ਹੋਈ ਹੈ। ਜੀਐੱਸਟੀ ਦੀ ਇੰਨੀ ਜ਼ਿਆਦਾ ਕੁਲੈਕਸ਼ਨ ਹੋਣ ਦਾ ਵੱਡਾ ਕਾਰਨ ਤਿਉਹਾਰੀ ਸੀਜ਼ਨ ਦੌਰਾਨ ਕੀਤੀ ਗਈ ਬੰਪਰ ਖਰੀਦਦਾਰੀ ਦੱਸੀ ਜਾ ਰਹੀ ਹੈ।
ਕੇਂਦਰੀ ਵਿੱਤ ਮੰਤਰਾਲੇ ਦੇ ਮੁਤਾਬਕ ਅਕਤੂਬਰ 2022 ਵਿੱਚ ਜੀਐਸਟੀ ਕੁਲੈਕਸ਼ਨ 1,51,718 ਕਰੋੜ ਰੁਪਏ ਰਿਹਾ ਹੈ। ਇਸ ਤੋਂ ਪਹਿਲਾਂ ਇਸ ਸਾਲ ਅਪ੍ਰੈਲ ਮਹੀਨੇ ਵਿੱਚ ਸਭ ਤੋਂ ਜ਼ਿਆਦਾ ਜੀਐਸਟੀ ਕੁਲੈਕਸ਼ਨ ਹੋਈ ਸੀ ਜਦੋਂ ਸਰਕਾਰ ਨੂੰ ਪਹਿਲੀ ਵਾਰ 1.50 ਲੱਖ ਕਰੋੜ ਦਾ ਮਾਲੀਆ ਹਾਸਲ ਹੋਇਆ ਸੀ।ਕੇਂਦਰੀ ਵਿੱਤ ਮੰਤਰਾਲੇ ਦੇ ਮੁਤਾਬਕ ਇਸ ਵਾਰ ਕੇਂਦਰ ਨੇ ਜੀਐਸਟੀ ਦੇ ਰੂਪ ਵਿੱਚ 26,039 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ ਹੈ। ਜਦਕਿ ਦੇਸ਼ ਦੇ ਸੂਬਿਆਂ ਤੋਂ ਜੀਐਸਟੀ ਦੇ ਰੂਪ ਵਿੱਚ 33,396 ਕਰੋੜ ਰੁਪਏ ਇਕੱਠੇ ਕੀਤੇ ਗਏ ਹਨ। ਇਸ ਤੋਂ ਇਲਾਵਾ ਏਕੀਕ੍ਰਿਤ ਜੀਐਸਟੀ ਦੇ ਸਿਰਲੇਖ ਵਿੱਚ 81,778 ਕਰੋੜ ਰੁਪਏ ਪ੍ਰਾਪਤ ਹੋਏ ਹਨ, ਜਿਸ ਵਿੱਚ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਹਿੱਸੇਦਾਰੀ ਹੈ। ਇਸ 'ਚ ਦਰਾਮਦ ਡਿਊਟੀ ਦੇ ਰੂਪ 'ਚ ਵਸੂਲੀ ਦਾ ਵੱਡਾ ਹਿੱਸਾ ਸ਼ਾਮਲ ਹੁੰਦਾ ਹੈ।ਜਦਕਿ ਇਸ ਵਾਰ 37,297 ਕਰੋੜ ਰੁਪਏ ਦਰਾਮਦ ਡਿਊਟੀ ਵਜੋਂ ਇਕੱਠੇ ਹੋਏ ਹਨ। ਹਾਲਾਂਕਿ 10,505 ਕਰੋੜ ਰੁਪਏ ਸੈੱਸ ਵਜੋਂ ਇਕੱਠੇ ਕੀਤੇ ਗਏ ਹਨ।
ਘਰੇਲੂ ਲੈਣ-ਦੇਣ ਵਿੱਚ ਵੀ ਅਕਤੂਬਰ ਮਹੀਨਾ ਸਭ ਤੋਂ ਉੱਪਰ
ਪਿਛਲੇ ਮਹੀਨੇ ਨਾ ਸਿਰਫ਼ ਜੀਐਸਟੀ ਕੁਲੈਕਸ਼ਨ ਦੂਜੇ ਸਥਾਨ ਉੱਤੇ ਸੀ। ਇਸ ਦੌਰਾਨ ਘਰੇਲੂ ਲੈਣ-ਦੇਣ ਦਾ ਅੰਕੜਾ ਵੀ ਦੂਜੇ ਨੰਬਰ 'ਤੇ ਆ ਗਿਆ ਸੀ। ਜੀਐਸਟੀ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਅਜਿਹਾ ਅਕਤੂਬਰ ਨੌਵਾਂ ਮਹੀਨਾ ਹੈ ਜਦੋਂ ਜੀਐਸਟੀ ਕੁਲੈਕਸ਼ਨ 1.4 ਲੱਖ ਕਰੋੜ ਤੋਂ ਵੱਧ ਹੋਇਆ ਹੈ। ਇੰਨਾ ਹੀ ਨਹੀਂ ਇਨ੍ਹਾਂ 'ਚੋਂ ਅੱਠ ਮਹੀਨੇ ਇਸ ਸਾਲ ਦੇ ਹਨ ਅਤੇ ਅਕਤੂਬਰ ਲਗਾਤਾਰ ਅੱਠਵਾਂ ਮਹੀਨਾ ਸੀ ਜਦੋਂ ਟੈਕਸ ਕੁਲੈਕਸ਼ਨ 1.4 ਲੱਖ ਕਰੋੜ ਨੂੰ ਪਾਰ ਕਰ ਗਈ ਹੈ।
ਸਤੰਬਰ 2022 ਦੇ ਵਿੱਚ ਕੀਤੀ ਗਈ ਜ਼ਿਆਦਾ ਖਰੀਦਦਾਰੀ
ਅਕਤੂਬਰ ਦਾ ਜੀਐਸਟੀ ਡੇਟਾ ਸਤੰਬਰ ਮਹੀਨੇ ਦੇ ਵਿੱਚ ਤਿਆਰ ਕੀਤੇ ਗਏ ਈ-ਵੇਅ ਬਿੱਲ ਨਾਲ ਮੇਲ ਖਾਂਦਾ ਹੈ। ਦਰਅਸਲ ਸਤੰਬਰ ਮਹੀਨੇ ਵਿੱਚ 8.3 ਕਰੋੜ ਈ-ਵੇਅ ਬਿੱਲ ਜਨਰੇਟ ਹੋਏ ਸਨ, ਜੋ ਅਗਸਤ ਮਹੀਨੇ ਦੇ ਵਿੱਚ ਆਏ 7.7 ਕਰੋੜ ਈ-ਵੇਅ ਬਿੱਲਾਂ ਤੋਂ ਕਾਫੀ ਜ਼ਿਆਦਾ ਸਨ।ਉਸ ਵੇਲੇ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਅਕਤੂਬਰ ਮਹੀਨੇ ਵਿੱਚ ਜੀਐਸਟੀ ਵਸੂਲੀ ਇੱਕ ਨਵੇਂ ਪੱਧਰ ਉੱਤੇ ਜਾ ਸਕਦੀ ਹੈ।ਦਰਸਲ 50,000 ਰੁਪਏ ਤੋਂ ਵੱਧ ਦੇ ਸਾਮਾਨ ਦੀ ਸਪਲਾਈ 'ਤੇ ਈ-ਵੇਅ ਬਿੱਲ ਦੀ ਲੋੜ ਪੈਂਦੀ ਹੈ। ਇਸ ਵਾਧੇ ਨਾਲ ਪਤਾ ਲੱਗਾ ਹੈ ਕਿ ਤਿਉਹਾਰਾਂ ਦੇ ਸੀਜ਼ਨ 'ਚ ਸਤੰਬਰ ਮਹੀਨੇ ਦੌਰਾਨ ਕਾਫੀ ਸਾਮਾਨ ਦੀ ਸਪਲਾਈ ਕੀਤੀ ਗਈ ਹੈ।
ਨਿਰਮਾਣ ਦੇ ਵਿੱਚ ਵੀ ਹੋਇਆ ਵਾਧਾ
ਇਸ ਤੋਂ ਪਹਿਲਾਂ ਐੱਸਐਂਡਪੀ ਗਲੋਬਲ ਇੰਡੀਆ ਦੁਆਰਾ ਜਾਰੀ ਕੀਤੇ ਗਏ ਨਿਰਮਾਣਪੀਐਮਆਈ ਵਿੱਚ ਵੀ ਵਾਧਾ ਦਰਜ਼ ਕੀਤਾ ਗਿਆ ਹੈ। ਇਸ ਮਾਸਿਕ ਸਰਵੇਖਣ ਵਿੱਚ ਪਾਇਆ ਗਿਆ ਕਿ ਸਤੰਬਰ ਮਹੀਨੇ ਦੇ ਮੁਕਾਬਲੇ ਅਕਤੂਬਰ ਮਹੀਨੇ ਵਿੱਚ ਨਿਰਮਾਣ ਦੇ ਵਿੱਚ ਵਾਧਾ ਹੋਇਆ ਹੈ। ਜਦੋਂ ਕਿ ਸਤੰਬਰ ਲਈ ਪੀਐਮਆਈ 55.1 ਸੀ, ਅਕਤੂਬਰ ਵਿੱਚ ਇਹ ਵਧ ਕੇ 55.3 ਹੋ ਗਈ। ਇਸ ਦੌਰਾਨ ਮਹਿੰਗਾਈ ਅਤੇ ਲਾਗਤ ਵਧਣ ਦੇ ਬਾਵਜੂਦ ਖਪਤਕਾਰਾਂ ਦੀ ਖਪਤ ਵਿੱਚ ਵਾਧਾ ਦਰਜ਼ ਕੀਤਾ ਗਿਆ ਜਿਸ ਨਾਲ ਉਤਪਾਦਨ ਨੂੰ ਵੀ ਬਹੁਤ ਵੱਡਾ ਹੁਲਾਰਾ ਮਿਲਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Centre govt, Finance Minister, GST