Turkey Syria Earthquake: ਤੁਰਕੀ ਅਤੇ ਗੁਆਂਢੀ ਦੇਸ਼ ਸੀਰੀਆ 'ਚ ਸੋਮਵਾਰ ਨੂੰ ਆਏ 7.8 ਤੀਬਰਤਾ ਵਾਲੇ ਭੁਚਾਲ (Turkey Syria Earthquake) ਕਾਰਨ 4,800 ਤੋਂ ਜ਼ਿਆਦਾ ਲੋਕ ਮਾਰੇ ਗਏ ਅਤੇ ਹਜ਼ਾਰਾਂ ਜ਼ਖਮੀ ਹੋ ਗਏ। ਭੂਚਾਲ ਕਾਰਨ ਹਜ਼ਾਰਾਂ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਕਿਉਂਕਿ ਬਚਾਅ ਟੀਮਾਂ ਅਜੇ ਵੀ ਮਲਬੇ ਹੇਠ ਦੱਬੇ ਲੋਕਾਂ ਦੀ ਭਾਲ ਕਰ ਰਹੀਆਂ ਹਨ। ਇਸ ਤੋਂ ਬਾਅਦ ਦੋ ਹੋਰ ਤੇਜ਼ ਭੂਚਾਲ ਆਏ, ਜਿਨ੍ਹਾਂ ਦੀ ਤੀਬਰਤਾ ਕ੍ਰਮਵਾਰ 7.6 ਅਤੇ 6.0 ਸੀ।
ਉਧਰ, ਪ੍ਰਧਾਨ ਮੰਤਰੀ ਸਕੱਤਰੇਤ (ਪੀਐੱਮਓ) ਵੱਲੋਂ ਕੀਤੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਭਾਰਤ ਨੇ ਹਵਾਈ ਸੈਨਾ ਦੇ ਜਹਾਜ਼ ਰਾਹੀਂ ਭੂਚਾਲ ਰਾਹਤ ਸਮੱਗਰੀ ਦੀ ਪਹਿਲੀ ਖੇਪ ਤੁਰਕੀ ਲਈ ਰਵਾਨਾ ਕੀਤੀ।
ਪ੍ਰਧਾਨ ਮੰਤਰੀ ਸਕੱਤਰੇਤ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਐੱਨਡੀਆਰਐੱਫ ਅਤੇ ਰਾਹਤ ਸਮੱਗਰੀ ਵਾਲੀਆਂ ਮੈਡੀਕਲ ਟੀਮਾਂ ਤੁਰਕੀ ਦੀ ਸਰਕਾਰ ਦੇ ਤਾਲਮੇਲ ਵਿੱਚ ਤੁਰਕੀ ਭੇਜੀਆਂ ਜਾਣਗੀਆਂ।
ਇਸ ਵਿੱਚ ਐੱਨਡੀਆਰਐੱਫ ਦੀਆਂ ਵਿਸ਼ੇਸ਼ ਖੋਜ ਅਤੇ ਬਚਾਅ ਟੀਮਾਂ ਸ਼ਾਮਲ ਹਨ, ਜਿਸ ਵਿੱਚ ਪੁਰਸ਼ ਅਤੇ ਮਹਿਲਾ ਕਰਮਚਾਰੀ, ਕੁੱਤਿਆਂ ਦੇ ਦਸਤੇ, ਮੈਡੀਕਲ ਸਪਲਾਈ, ਉੱਨਤ 'ਡਰਿਲਿੰਗ' ਉਪਕਰਣ ਅਤੇ ਰਾਹਤ ਕਾਰਜਾਂ ਲਈ ਲੋੜੀਂਦੇ ਹੋਰ ਸਾਜ਼ੋ ਸਾਮਾਨ ਸ਼ਾਮਲ ਹਨ।
ਭੂਚਾਲ ਕਾਰਨ ਸੈਂਕੜੇ ਇਮਾਰਤਾਂ ਢਹਿ-ਢੇਰੀ ਹੋ ਗਈਆਂ (Turkey-Syria Earthquake) ਹਨ। ਸੈਂਕੜੇ ਲੋਕ ਹਾਲੇ ਵੀ ਮਲਬੇ ਹੇਠ ਦੱਬੇ ਹੋਏ ਹਨ, ਤੇ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਰਾਹਤ ਤੇ ਬਚਾਅ ਕਰਮੀਆਂ ਵੱਲੋਂ ਕਈ ਸ਼ਹਿਰਾਂ ਵਿਚ ਮਲਬੇ ਦੇ ਢੇਰਾਂ ਥੱਲੇ ਦੱਬੇ ਲੋਕਾਂ ਨੂੰ ਲੱਭਿਆ ਜਾ ਰਿਹਾ ਹੈ।
ਭੂਚਾਲ ਤੁਰਕੀ ਦੇ ਦੱਖਣ-ਪੂਰਬ ਤੇ ਸੀਰੀਆ ਤੇ ਉੱਤਰੀ ਇਲਾਕੇ ਵਿਚ ਆਇਆ ਹੈ। ਸਰਹੱਦ ਦੇ ਦੋਵੇਂ ਪਾਸੇ ਲੋਕਾਂ ਨੇ ਸਵੇਰੇ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਤੇ ਉਹ ਘਰਾਂ ਤੋਂ ਬਾਹਰ ਆ ਗਏ। ਇਮਾਰਤਾਂ ਮਲਬੇ ਵਿਚ ਤਬਦੀਲ ਹੋ ਗਈਆਂ ਤੇ ਝਟਕੇ ਕਈ ਘੰਟਿਆਂ ਤੱਕ ਜਾਰੀ ਰਹੇ।
ਭੂਚਾਲ ਦੇ ਝਟਕਿਆਂ ਦੌਰਾਨ ਕਈ ਹਸਪਤਾਲਾਂ ਵਿਚੋਂ ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ। ਤੁਰਕੀ ਦੇ ਸ਼ਹਿਰ ਅਦਾਨਾ ਤੇ ਦਿਆਰਬਾਕਿਰ ਵਿਚ ਕਾਫ਼ੀ ਨੁਕਸਾਨ ਹੋਇਆ ਹੈ। ਕਾਹਿਰਾ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
ਸੀਰੀਆ ਵਿਚ ਭੂਚਾਲ ਨੇ ਉਸ ਇਲਾਕੇ ਨੂੰ ਨਿਸ਼ਾਨਾ ਬਣਾਇਆ ਹੈ ਜੋ ਖਾਨਾਜੰਗੀ ਦਾ ਸ਼ਿਕਾਰ ਹੋਇਆ ਹੈ। ਇਹ ਉਹ ਥਾਵਾਂ ਹਨ ਜੋ ਰੂਸ ਦੀ ਹਮਾਇਤ ਪ੍ਰਾਪਤ ਸਰਕਾਰੀ ਤਾਕਤਾਂ ਤੇ ਵਿਰੋਧੀਆਂ ਵਿਚਾਲੇ ਵੰਡੀਆਂ ਹੋਈਆਂ ਹਨ। ਸਰਹੱਦ ਦੇ ਦੂਜੇ ਪਾਸੇ ਤੁਰਕੀ ਵਿਚ ਇਨ੍ਹਾਂ ਥਾਵਾਂ ਤੋਂ ਭੱਜੇ ਸ਼ਰਨਾਰਥੀ ਰਹਿ ਰਹੇ ਹਨ ਜੋ ਭੂਚਾਲ ਦੀ ਮਾਰ ਹੇਠ ਆਏ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Earthquake, Turkey