Inspirational News: ਕਹਿੰਦੇ ਹਨ ਜਦੋਂ ਕੁੱਝ ਕਰਨ ਦਾ ਜ਼ਜ਼ਬਾ ਹੋਵੇ ਤਾਂ ਫਿਰ ਮੁਸ਼ਕਿਲਾਂ ਦੀ ਪ੍ਰਵਾਹ ਕੀਤੇ ਬਿਨ੍ਹਾਂ ਅੱਗੇ ਵਧਣ ਵਾਲੇ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦੇ ਹਨ। ਪੰਜਾਬੀ ਦੀ ਕਹਾਵਤ ਹੈ "ਮਨ ਹਰਾਮੀ, ਹੁੱਜਤਾਂ ਢੇਰ" ਭਾਵ ਜਿਸਨੇ ਕੁੱਝ ਨਹੀਂ ਕਰਨਾ ਉਸ ਕੋਲ ਹਜ਼ਾਰਾਂ ਬਹਾਨੇ ਹੁੰਦੇ ਹਨ ਅਤੇ ਕਰਨ ਵਾਲਿਆਂ ਲਈ ਵੀ ਬੜੀਆਂ ਸੋਹਣੀਆਂ ਪੰਕਤੀਆਂ ਹਨ "ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ।
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ।
ਅਜਿਹੀ ਹੀ ਇੱਕ ਮਿਸਾਲ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਨਿਊਜ਼18 ਪੰਜਾਬੀ ਤੁਹਾਡੇ ਲਈ ਅਜਿਹੀਆਂ ਕਹਾਣੀਆਂ ਲੈ ਕੇ ਆਉਂਦਾ ਜੋ ਪ੍ਰੇਰਨਾ ਦਿੰਦੀਆਂ ਹਨ। ਅੱਜ ਅਸੀਂ ਜੋ ਪ੍ਰੇਰਨਾ ਦੀ ਮਿਸਾਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਕਸ਼ਮੀਰ ਦੇ ਰਹਿਣ ਵਾਲੇ ਇੱਕ ਮਜ਼ਦੂਰ ਮੁਨੀਰ ਅਹਿਮਦ ਵਾਨੀ ਦੀ ਹੈ ਜਿਸਦੇ 3 ਬੱਚਿਆਂ ਨੇ ਇੱਕਠਿਆਂ ਭਾਰਤੀ ਸਿਵਲ ਸੇਵਾਵਾਂ ਪ੍ਰੀਖਿਆ ਨੂੰ ਪਾਸ ਕੀਤਾ ਹੈ। ਸਿਰਫ ਪਾਸ ਹੀ ਨਹੀਂ ਕੀਤਾ ਬਲਕਿ ਚੰਗੇ ਰੈਂਕ ਵੀ ਹਾਸਲ ਕੀਤੇ ਹਨ। ਇਹ ਲੋਕ ਡੋਡਾ ਜ਼ਿਲ੍ਹੇ ਦੇ ਕਹਾੜਾ ਇਲਾਕੇ ਦੇ ਰਹਿਣ ਵਾਲੇ ਹਨ।
ਤਿੰਨਾਂ ਭੈਣ-ਭਰਾਵਾਂ ਨੇ ਇਕੱਠੇ ਸਿਵਲ ਸੇਵਾਵਾਂ ਦੀ ਪ੍ਰੀਖਿਆ ਪਾਸ ਕੀਤੀ ਹੈ। ਇਹਨਾਂ ਦੇ ਨਾਮ ਅੰਜੁਮ ਵਾਨੀ, ਹੁਮਾ ਵਾਨੀ ਅਤੇ ਸੁਹੇਲ ਅਹਿਮਦ ਵਾਨੀ ਹਨ। ਮਹੀਨੇ ਦੀ 10 ਤੋਂ 15 ਹਜ਼ਾਰ ਆਮਦਨੀ ਵਾਲੇ ਪਿਤਾ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ।
ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਚੱਲਣ ਦੇ ਬਾਵਜੂਦ ਇਹਨਾਂ ਨੇ ਮੁਕਾਮ ਹਾਸਿਲ ਕੀਤਾ ਹੈ। ਬੱਚਿਆਂ ਕੋਲ ਪੜ੍ਹਾਈ ਲਈ ਆਪਣੀਆਂ ਵੱਖਰੀਆਂ ਕਿਤਾਬਾਂ ਖਰੀਦਣ ਦੀ ਵੀ ਸਮਰੱਥਾ ਨਹੀਂ ਸੀ। ਮੀਡੀਆ ਰਿਪੋਰਟਾਂ ਮੁਤਾਬਕ ਤਿੰਨੋਂ ਹਰ ਵਿਸ਼ੇ ਦੀ ਇੱਕੋ ਕਿਤਾਬ ਤੋਂ ਇਕੱਠੇ ਪੜ੍ਹਦੇ ਸਨ।
ਤੁਹਾਨੂੰ ਦੱਸ ਦੇਈਏ ਕਿ ਇਫਰਾ ਅਤੇ ਸੁਹੇਲ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਹੀ ਇਹ ਪ੍ਰੀਖਿਆ ਪਾਸ ਕੀਤੀ ਹੈ ਅਤੇ ਹੁਮਾ ਨੇ ਦੂਜੀ ਕੋਸ਼ਿਸ਼ 'ਚ ਸਫਲਤਾ ਹਾਸਲ ਕੀਤੀ ਹੈ। ਰੰਕ ਦੀ ਗੱਲ ਕਰੀਏ ਤਾਂ
ਸੁਹੇਲ ਨੇ 111, ਹੁਮਾ ਨੇ 117 ਅਤੇ ਇਫਰਾ ਨੇ 143ਵਾਂ ਰੈਂਕ ਹਾਸਲ ਕੀਤਾ।
ਉਹਨਾਂ ਨਾਲ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਸੁਹੇਲ ਪੁਲਿਸ ਸੇਵਾ ਵਿੱਚ ਰਹਿ ਕੇ ਜੰਮੂ-ਕਸ਼ਮੀਰ ਵਿੱਚ ਨਸ਼ਿਆਂ ਨੂੰ ਰੋਕਣਾ ਚਾਹੁੰਦਾ ਹੈ ਜਦਕਿ ਉਸਦੀਆਂ ਭੈਣਾਂ ਸਿਵਲ ਪ੍ਰਸ਼ਾਸਨ ਵਿੱਚ ਸ਼ਾਮਲ ਹੋ ਕੇ ਪੱਛੜੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Career, Education, Inspiration