ਜੰਮੂ ਕਸ਼ਮੀਰ ਦੇ ਪੁਣਛ ਤੇ ਰਾਜੌਰੀ ਜ਼ਿਲ੍ਹਿਆਂ ’ਚ ਅੱਤਵਾਦੀਆਂ ਖ਼ਿਲਾਫ਼ ਚੱਲ ਰਹੀ ਫੌਜੀ ਮੁਹਿੰਮ ਸਤਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ ਇੱਕ ਜੇਸੀਓ ਸਮੇਤ ਦੋ ਹੋਰ ਫੌਜੀ ਸ਼ਹੀਦ ਹੋ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਦੋ ਹੋਰ ਫੌਜੀ ਸ਼ਹੀਦ ਹੋਣ ਨਾਲ ਅਤਿਵਾਦੀਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦੌਰਾਨ ਦੋ ਜੂਨੀਅਰ ਕਮਿਸ਼ਨਡ ਅਫਸਰਾਂ ਸਮੇਤ ਕੁੱਲ ਨੌਂ ਜਵਾਨ ਸ਼ਹੀਦ ਹੋ ਚੁੱਕੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਦਿਨ ਮੇਂਧੜ ਦੇ ਜੰਗਲੀ ਇਲਾਕੇ ’ਚ ਅਤਿਵਾਦੀਆਂ ਨਾਲ ਮੁਕਾਬਲੇ ਵਾਲੀ ਥਾਂ ਤੋਂ ਜੇਸੀਓ ਤੇ ਇੱਕ ਫੌਜੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਫੌਜ ਦੇ ਬੁਲਾਰੇ ਨੇ ਦੱਸਿਆ ਕਿ ਜੇਸੀਓ ਦੀ ਪਛਾਣ ਅਜੈ ਸਿੰਘ ਅਤੇ ਦੂਜੇ ਫੌਜੀ ਦੀ ਪਛਾਣ ਨਾਇਕ ਹਰੇਂਦਰ ਸਿੰਘ ਵਜੋਂ ਹੋਈ ਹੈ ਅਤੇ ਇਹ ਦੋਵੇਂ ਬੀਤੇ ਦਿਨ ਇਸ ਜੰਗਲੀ ਇਲਾਕੇ ’ਚ ਚੱਲ ਰਹੀ ਮੁਹਿੰਮ ਦਾ ਹਿੱਸਾ ਸਨ।
ਫੌਜ ਦੇ ਪੀਆਰਓ ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਕਿਹਾ, “ਅੱਤਵਾਦੀਆਂ ਨੂੰ ਖਤਮ ਕਰਨ ਲਈ ਨਿਰੰਤਰ ਕਾਰਵਾਈ ਜਾਰੀ ਹੈ। ਉਧਰ, ਅਤਿਵਾਦੀਆਂ ਨੇ ਸ਼ਾਮ ਸ੍ਰੀਨਗਰ ਦੇ ਈਦਗਾਹ ਇਲਾਕੇ ’ਚ ਬਿਹਾਰ ਦੇ ਬਾਂਕਾ ਇਲਾਕੇ ਦੇ ਰਹਿਣ ਵਾਲੇ ਤੇ ਇੱਥੇ ਫੜ੍ਹੀ ਲਾਉਂਦੇ ਅਰਵਿੰਦ ਕੁਮਾਰ ਸਾਹ (30) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਇਸੇ ਤਰ੍ਹਾਂ ਅਤਿਵਾਦੀਆਂ ਨੇ ਪੁਲਵਾਮਾ ਜ਼ਿਲ੍ਹੇ ’ਚ ਕਾਰਪੈਂਟਰ ਦਾ ਕੰਮ ਕਰਦੇ ਸਾਗੀਰ ਅਹਿਮਦ ਵਾਸੀ ਉੱਤਰ ਪ੍ਰਦੇਸ਼ ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਪੁਲਿਸ ਨੇ ਦੱਸਿਆ ਕਿ ਅਹਿਮਦ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਭਾਜਪਾ ਦੇ ਬੁਲਾਰੇ ਅਲਤਾਫ਼ ਠਾਕੁਰ, ਸਾਬਕਾ ਮੁੱਖ ਮੰਤਰੀ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲ੍ਹਾ ਦੇ ਪੀਪਲਜ਼ ਕਾਨਫਰੰਸ ਦੇ ਚੇਅਰਮੈਨ ਸਜਾਦ ਗ਼ਨੀ ਲੋਨ ਨੇ ਘਟਨਾ ਦੀ ਨਿੰਦਾ ਕੀਤੀ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Jammu and kashmir