ਹਰਿਆਣੇ ਦੇ ਬਹਾਦਰਗੜ੍ਹ ਵਿਚ 82 ਦਿਨਾਂ ਤੋਂ ਧਰਨੇ ਉਤੇ ਬੈਠੇ ਕਿਸਾਨਾਂ ਦੀ ਵੱਡੀ ਜਿੱਤ ਹੋਈ ਹੈ। ਕੇਐਮਪੀ ਐਕਸਪ੍ਰੈਸਵੇਅ ਦੇ ਨਾਲ-ਨਾਲ ਬਣ ਰਹੇ ਹਰਿਆਣਾ ਔਰਬਿਟਲ ਰੇਲ ਕੋਰੀਡੋਰ ਲਈ ਐਕੁਆਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਲਗਭਗ ਦੁਗਣਾ ਹੋਵੇਗਾ।
ਸਰਕਾਰ ਅਤੇ ਕਿਸਾਨ ਇਸ ਉਤੇ ਸਹਿਮਤ ਹੋ ਗਏ ਹਨ। ਐਤਵਾਰ ਨੂੰ ਝੱਜਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ਕਤੀ ਸਿੰਘ ਕੇਐਮਪੀ ਐਕਸਪ੍ਰੈਸ ਵੇਅ 'ਤੇ ਸਥਿਤ ਮੰਡੌਠੀ ਟੋਲ ਨੇੜੇ ਚੱਲ ਰਹੇ ਧਰਨੇ 'ਤੇ ਪੁੱਜੇ ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਮੁਆਵਜ਼ੇ ਵਿੱਚ ਵਾਧੇ ਦੀ ਜਾਣਕਾਰੀ ਦਿੱਤੀ।
ਦਰਅਸਲ, ਕਿਸਾਨ ਸ਼ੁਰੂ ਤੋਂ ਹੀ ਕਹਿ ਰਹੇ ਸਨ ਕਿ ਉਨ੍ਹਾਂ ਦੀਆਂ ਜ਼ਮੀਨਾਂ ਦਾ ਮੁਆਵਜ਼ਾ ਗਲਤ ਹਿਸਾਬ ਨਾਲ ਦਿੱਤਾ ਗਿਆ ਹੈ, ਜਿਸ ਕਾਰਨ ਉਨ੍ਹਾਂ ਨੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਕਿਸਾਨ ਆਗੂ ਰਮੇਸ਼ ਦਲਾਲ ਦੀ ਅਗਵਾਈ ਹੇਠ ਕਿਸਾਨਾਂ ਨੂੰ ਵੱਡੀ ਜਿੱਤ ਹਾਸਲ ਹੋਈ ਹੈ।
ਕਿਸਾਨਾਂ ਦੀ ਐਕੁਆਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਦੁਗਣਾ ਹੋ ਗਿਆ ਹੈ। ਸਰਕਾਰ ਨੇ ਮੁਆਵਜ਼ਾ ਵਧਾਉਣ ਲਈ ਆਪਣੀ ਸਹਿਮਤੀ ਪ੍ਰਗਟਾਈ ਹੈ। ਕਿਸਾਨ ਆਗੂ ਰਮੇਸ਼ ਦਲਾਲ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਹੈ। ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਧੰਨਵਾਦ ਕੀਤਾ ਹੈ।
ਨਾਲ ਹੀ ਉਨ੍ਹਾਂ ਕਿਸਾਨਾਂ ਦੀਆਂ ਹੋਰ ਮੰਗਾਂ ਵੱਲ ਵੀ ਧਿਆਨ ਦੇਣ ਦੀ ਮੰਗ ਕੀਤੀ। ਮੁਆਵਜ਼ਾ ਵਧਾਉਣ ਦੇ ਨਾਲ-ਨਾਲ ਕਿਸਾਨ ਮੰਗ ਕਰ ਰਹੇ ਹਨ ਕਿ ਐਸਵਾਈਐਲ ਦਾ ਪਾਣੀ ਹਰਿਆਣਾ ਨੂੰ ਦਿੱਤਾ ਜਾਵੇ ਅਤੇ ਪੰਜਾਬ ਦੇ 108 ਹਿੰਦੀ ਭਾਸ਼ੀ ਪਿੰਡਾਂ ਨੂੰ ਹਰਿਆਣਾ ਵਿਚ ਸ਼ਾਮਲ ਕੀਤਾ ਜਾਵੇ। ਇੰਨਾ ਹੀ ਨਹੀਂ ਕਿਸਾਨਾਂ ਨੇ ਹਰਿਆਣਾ ਲਈ ਵੱਖਰੀ ਹਾਈਕੋਰਟ ਬਣਾਉਣ ਸਮੇਤ 17 ਮੰਗਾਂ ਸਰਕਾਰ ਦੇ ਸਾਹਮਣੇ ਰੱਖੀਆਂ ਹਨ, ਜਿਨ੍ਹਾਂ 'ਚੋਂ ਕੁਝ ਮੰਗਾਂ 'ਤੇ ਸਰਕਾਰ ਵੱਲੋਂ ਸਹਿਮਤੀ ਪ੍ਰਗਟਾਈ ਗਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Farmer, Farmers Protest, Farmers union, Punjab farmers