ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ (Satyapal Malik) ਨੇ ਕਿਸਾਨ ਅੰਦੋਲਨ ਦੌਰਾਨ ਬੀਤੇ ਵਰ੍ਹੇ ਲਾਲ ਕਿਲੇ ’ਤੇ ‘ਨਿਸ਼ਾਨ ਸਾਹਿਬ’ ਲਗਾਏ ਜਾਣ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਇਸ ਵਿਚ ਕੁਝ ਵੀ ਗਲਤ ਨਹੀਂ ਸੀ।
ਕਿਸਾਨ ਅੰਦੋਲਨ ਲਈ ਉਨ੍ਹਾਂ ਇਕ ਵਾਰ ਮੁੜ ਕੇਂਦਰ ਅਤੇ ਕੇਂਦਰੀ ਆਗੂਆਂ ਦੀ ਨਿਖੇਧੀ ਕੀਤੀ। ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਸੱਤਾ ਬਦਲਣ ਅਤੇ ਕਿਸਾਨਾਂ ਦੀ ਸਰਕਾਰ ਬਣਾਉਣ ਲਈ ਇਕਜੁੱਟ ਹੋਣ। ਉਨ੍ਹਾਂ ਕਿਹਾ ਕਿ ਉਹ ਰਾਜਪਾਲ ਦਾ ਆਪਣਾ ਕਾਰਜਕਾਲ ਖਤਮ ਹੋਣ ਬਾਅਦ ਮੁਲਕ ਦਾ ਦੌਰਾ ਕਰ ਕੇ ਕਿਸਾਨਾਂ ਨੂੰ ਲਾਮਬੰਦ ਕਰਨਗੇ।
ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਕਿਸਾਨਾਂ ਨਾਲ ਅੱਧਾ- ਅਧੂਰਾ ਸਮਝੌਤਾ ਕਰਕੇ ਉਨ੍ਹਾਂ ਦਾ ਧਰਨਾ ਚੁੱਕ ਦਿੱਤਾ, ਪਰ ਮਾਮਲਾ ਜਿਉਂ ਦਾ ਤਿਉਂ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ਪ੍ਰਧਾਨ ਮੰਤਰੀ’ ਦੇ ਦੋਸਤ ਪਾਣੀਪਤ ਵਿੱਚ 50 ਏਕੜ ਵਿੱਚ ਗੋਦਾਮ ਬਣਾ ਕੇ ਸਸਤੇ ਭਾਅ ਕਣਕ ਖਰੀਦਣ ਦੀ ਆਸ ਲਗਾਈ ਬੈਠੇ ਹਨ। ਉਹ ਇਥੇ ਕੰਡੇਲਾ ਵਿੱਚ ਕੰਡੇਲਾ ਖਾਪ ਅਤੇ ਮਾਜਰਾ ਖਾਪ ਵੱਲੋਂ ਕਰਵਾਏ ਕਿਸਾਨ ਸਨਮਾਨ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ।
ਉੱਤਰ ਪ੍ਰਦੇਸ਼ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਬਾਰੇ ਮਲਿਕ ਨੇ ਕਿਹਾ ਕਿ ਹਾਲੇ ਨਤੀਜੇ ਨਹੀਂ ਆਏ ਹਨ, ਪਰ ਕਿਸੇ ਵੀ ਮੰਤਰੀ ਨੂੰ ਪੱਛਮੀ ਉੱਤਰ ਪ੍ਰਦੇਸ਼ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਭੱਜਦਿਆਂ ਦੇਖਿਆ ਸੀ।
ਨਰਾਜ਼ਗੀ ਜ਼ਾਹਰ ਕਰਦਿਆਂ ਮਲਿਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਰਿਹਾਇਸ਼ (ਕਿਸਾਨਾਂ ਦੇ ਧਰਨੇ ਵਾਲੀ ਥਾਂ ਤੋਂ) ਸਿਰਫ਼ 10 ਕਿਲੋਮੀਟਰ ਦੀ ਦੂਰੀ 'ਤੇ ਸੀ ਅਤੇ ਇੱਕ ਸਾਲ ਤੋਂ ਵੱਧ ਸਮੇਂ ਤੱਕ ਚੱਲੇ ਉਨ੍ਹਾਂ ਦੇ ਅੰਦੋਲਨ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨਾਂ ਦੀ ਜਾਨ ਚਲੀ ਗਈ ਸੀ। ਮਲਿਕ ਨੇ ਕਿਹਾ, “ਪਰ ਸਰਕਾਰ ਵੱਲੋਂ ਕੋਈ ਵੀ ਸ਼ੋਕ ਪ੍ਰਗਟ ਕਰਨ ਲਈ ਨਹੀਂ ਆਇਆ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bharti Kisan Union, Kisan andolan, Malik