ਈਦ ਮੌਕੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਗ੍ਰਹਿ ਖੇਤਰ ਜੋਧਪੁਰ ਵਿੱਚ ਹਾਲਾਤ ਵਿਗੜਦੇ ਜਾ ਰਹੇ ਹਨ। ਸਥਿਤੀ ਨੂੰ ਦੇਖਦੇ ਹੋਏ ਜੋਧਪੁਰ ਸ਼ਹਿਰ ਵਿਚ ਕਰਫਿਊ ਲਗਾ ਦਿੱਤਾ ਗਿਆ ਹੈ। ਮੰਗਲਵਾਰ ਦੁਪਹਿਰ 1 ਵਜੇ ਤੋਂ ਬੁੱਧਵਾਰ ਰਾਤ 12 ਵਜੇ ਤੱਕ ਕਰਫਿਊ ਲਾਗੂ ਰਹੇਗਾ।
ਜੋਧਪੁਰ 'ਚ ਤਣਾਅਪੂਰਨ ਸਥਿਤੀ ਨੂੰ ਦੇਖਦੇ ਹੋਏ ਸ਼ਹਿਰ ਦੇ ਸਾਰੇ ਪ੍ਰਭਾਵਿਤ ਇਲਾਕਿਆਂ 'ਚ ਪੁਲਿਸ ਅਤੇ ਹੋਰ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼ਹਿਰ ਦੇ ਹੋਰ ਸੰਵੇਦਨਸ਼ੀਲ ਇਲਾਕਿਆਂ 'ਚ ਪੁਲਿਸ ਦੀ ਗਸ਼ਤ ਵਧਾ ਦਿੱਤੀ ਗਈ ਹੈ।
ਅੱਜ ਸਵੇਰੇ ਜੋਧਪੁਰ ਦੇ ਜਾਲੋਰੀ ਗੇਟ ਇਲਾਕੇ ਵਿਚ ਫਿਰਕੂ ਤਣਾਅ ਪੈਦਾ ਹੋਣ ਕਾਰਨ ਪਥਰਾਅ ਸ਼ੁਰੂ ਹੋ ਗਿਆ। ਇਸ ਘਟਨਾ ’ਚ ਅੱਜ ਤੜਕੇ ਘੱਟੋ-ਘੱਟ ਪੰਜ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਪੁਲਿਸ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਗ੍ਰਹਿ ਸ਼ਹਿਰ ਵਿੱਚ ਈਦ ਤੋਂ ਕੁਝ ਘੰਟੇ ਪਹਿਲਾਂ ਸਥਿਤੀ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਛੱਡੇ।
ਇਸ ਦੌਰਾਨ ਸਥਿਤੀ ਤਣਾਅਪੂਰਨ ਰਹਿਣ ਕਾਰਨ ਜੋਧਪੁਰ ਸ਼ਹਿਰ ਦੇ 10 ਥਾਣੇ ਖੇਤਰਾਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਇਤਿਹਾਤ ਵਜੋਂ ਮੋਬਾਈਲ ਇੰਟਰਨੈੱਟ ਨੂੰ ਬੰਦ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।
ਪੁਲਿਸ ਨੇ ਦੱਸਿਆ ਕਿ ਈਦ ਦੇ ਸਬੰਧ ਵਿਚ ਧਾਰਮਿਕ ਝੰਡਾ ਲਗਾਉਣ ਕਾਰਨ ਦੋਵੇਂ ਧਿਰਾਂ ਇੱਕ ਦੂਜੇ ਨਾਲ ਟਕਰਾਅ ਗਈਆਂ। ਪੁਲਿਸ ਨੇ ਦੱਸਿਆ ਕਿ ਪਥਰਾਅ ਵਿੱਚ ਚਾਰ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਸਥਿਤੀ ਨੂੰ ਕਾਬੂ ਕਰਨ ਲਈ ਇਲਾਕੇ ਵਿੱਚ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Curfew, Eid, Eid ul Fitr