ਕਰਨਾਟਕ ਹਾਈ ਕੋਰਟ ਨੇ ਆਪਣੇ ਇੱਕ ਫੈਸਲੇ ਵਿੱਚ ਕਿਹਾ ਕਿ ਦੂਜੀ ਪਤਨੀ ਅਤੇ ਉਸ ਦੇ ਬੱਚਿਆਂ ਨੂੰ ਆਸ਼ਰਿਤ ਮੰਨਿਆ ਜਾਣਾ ਚਾਹੀਦਾ ਹੈ ਅਤੇ ਉਹ ਦੁਰਘਟਨਾ ਦੇ ਮਾਮਲੇ ਵਿੱਚ ਮੁਆਵਜ਼ੇ ਦੇ ਹੱਕਦਾਰ ਹਨ।
ਦ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਜਸਟਿਸ ਬੀ ਵੀਰੱਪਾ ਅਤੇ ਜਸਟਿਸ ਕੇਐਸ ਹੇਮਲੇਖਾ ਦੀ ਡਿਵੀਜ਼ਨ ਬੈਂਚ ਨੇ ਇਹ ਫੈਸਲਾ ਜੈਸ਼੍ਰੀ ਬਨਾਮ ਚੋਲਾਮੰਡਲਮ ਕੇਸ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਦੇ ਆਧਾਰ ਉਤੇ ਦਿੱਤਾ ਹੈ।
ਇਸ ਮਾਮਲੇ ਵਿਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕਾਨੂੰਨੀ ਪ੍ਰਤੀਨਿਧਤਾ ਵਿਚ ਕੋਈ ਵੀ ਵਿਅਕਤੀ ਸ਼ਾਮਲ ਹੋ ਸਕਦਾ ਹੈ ਜੋ ਮ੍ਰਿਤਕ ਦੀ ਜਾਇਦਾਦ 'ਚ ਦਖਲ ਦਾ ਹੱਕ ਰੱਖਦਾ ਹੈ ਅਤੇ ਅਜਿਹੇ ਵਿਅਕਤੀ ਦਾ ਕਾਨੂੰਨੀ ਵਾਰਸ ਹੋਣਾ ਲਾਜ਼ਮੀ ਨਹੀਂ ਹੈ।
ਕਰਨਾਟਕ ਹਾਈ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ, "ਮੌਜੂਦਾ ਕੇਸ ਵਿੱਚ ਮ੍ਰਿਤਕ ਦੀ ਪਹਿਲੀ ਪਤਨੀ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਦਾਅਵੇਦਾਰ (ਦੂਜੀ ਪਤਨੀ ਤੇ ਉਸ ਦਾ ਬੱਚਾ) ਮ੍ਰਿਤਕ ਦੇ ਆਸ਼ਰਿਤ ਹਨ। ਜਦੋਂ ਪਹਿਲੀ ਪਤਨੀ ਮ੍ਰਿਤਕ ਨਾਲ ਦੂਜੀ ਪਤਨੀ ਦੇ ਸਬੰਧਾਂ ਨੂੰ ਲੈ ਕੇ ਵਿਵਾਦ ਨਹੀਂ ਕਰਦੀ ਹੈ ਅਤੇ ਇਸ ਤੱਥ ਦੇ ਮੱਦੇਨਜ਼ਰ ਕਿ ਦਾਅਵੇਦਾਰ ਇਕੱਠੇ ਰਹਿ ਰਹੇ ਸਨ ਅਤੇ ਮ੍ਰਿਤਕ ਉਤੇ ਨਿਰਭਰ ਸਨ, ਤਾਂ ਉਹ ਮੁਆਵਜ਼ੇ ਦੇ ਹੱਕਦਾਰ ਹਨ।
ਬੈਂਚ ਨੇ ਅਪੀਲਕਰਤਾ - ਬੈਂਗਲੁਰੂ ਮੈਟਰੋਪੋਲੀਟਨ ਟਰਾਂਸਪੋਰਟ ਕਾਰਪੋਰੇਸ਼ਨ (ਬੀਐਮਟੀਸੀ) ਨੂੰ ਮ੍ਰਿਤਕ ਜੀ ਪੱਟਾਭਿਰਾਮਨ, ਪਹਿਲੀ ਪਤਨੀ ਅਤੇ ਉਸ ਦੇ 2 ਬੱਚਿਆਂ ਦੇ ਨਾਲ-ਨਾਲ ਦੂਜੀ ਪਤਨੀ ਅਤੇ ਉਸ ਦੇ ਬੱਚੇ ਦੇ ਪਰਿਵਾਰਕ ਮੈਂਬਰਾਂ ਨੂੰ ਵਿਆਜ ਸਮੇਤ 73.6 ਲੱਖ ਰੁਪਏ ਦਾ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ। ਜੀ ਪੱਟਾਭਿਰਾਮਨ ਦੀ 12 ਜੁਲਾਈ 2015 ਨੂੰ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ, ਜਦੋਂ ਇੱਕ BMTC ਬੱਸ ਨੇ ਬੇਗੁਰ ਮੇਨ ਰੋਡ 'ਤੇ ਉਸ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Accident, Karnataka, Road accident