Kerala Online Biryani Case: ਕੇਰਲਾ ਵਿੱਚ ਜ਼ਹਿਰੀਲੇ ਭੋਜਨ ਦੇ ਸ਼ੱਕੀ ਮਾਮਲੇ ਵਿੱਚ ਇੱਕ 20 ਕੁੜੀ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਹਨ। ਕਥਿਤ ਤੌਰ 'ਤੇ ਸਥਾਨਕ ਇੱਕ ਹੋਟਲ ਤੋਂ ਕੁੜੀ ਨੇ ਬਿਰਿਆਨੀ ਦੀ ਇੱਕ ਕਿਸਮ ਕੁਝੀਮੰਥੀ ਖਾਧੀ ਸੀ, ਜਿਸ ਪਿੱਛੋਂ ਉਸ ਦੀ ਸ਼ਨੀਵਾਰ ਮੌਤ ਹੋ ਗਈ। ਪੁਲਿਸ ਅਨੁਸਾਰ ਪੇਰੂਬਾਲਾ ਦੀ ਰਹਿਣ ਵਾਲੀ ਅੰਜੂ ਸ੍ਰੀਪਾਰਵਤੀ ਨੇ ਕੁਝੀਮੰਥੀ ਖਾਧੀ ਸੀ, ਜੋ ਉਸ ਨੇ 31 ਦਸੰਬਰ ਨੂੰ ਕਾਸਰਗੋਡ ਵਿੱਚ ਰੋਮਾਂਸੀਆ ਨਾਮੀ ਹੋਟਲ ਤੋਂ ਆਨਲਾਈਨ ਮੰਗਵਾਇਆ ਸੀ।
ਪੁਲਿਸ ਨੇ ਸਮਾਚਾਰ ਏਜੰਸੀ ਪੀਟੀਆਈ-ਭਾਸ਼ਾ ਨੂੰ ਦੱਸਿਆ, 'ਲੜਕੀ ਦੇ ਮਾਤਾ-ਪਿਤਾ ਨੇ ਇਸ ਸਬੰਧ ਵਿਚ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ। ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਖਾਣਾ ਖਾਣ ਤੋਂ ਬਾਅਦ ਬਿਮਾਰ ਹੋਈ ਲੜਕੀ ਦਾ ਇਲਾਜ ਕਾਸਾਰਗੋਡ ਦੇ ਇਕ ਨਿੱਜੀ ਹਸਪਤਾਲ 'ਚ ਚੱਲ ਰਿਹਾ ਸੀ, ਜਿੱਥੋਂ ਉਸ ਨੂੰ ਕਰਨਾਟਕ ਦੇ ਮੰਗਲੁਰੂ ਦੇ ਇਕ ਹੋਰ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਸ ਦੌਰਾਨ ਸੂਬੇ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜਾਰਜ ਨੇ ਪਠਾਨਮਥਿੱਟਾ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਫੂਡ ਸੇਫਟੀ ਕਮਿਸ਼ਨਰ ਨੂੰ ਘਟਨਾ ਸਬੰਧੀ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ (ਐੱਫ.ਐੱਸ.ਐੱਸ.ਏ.) ਤਹਿਤ ਜ਼ਹਿਰੀਲੇ ਭੋਜਨ ਦੇ ਦੋਸ਼ੀ ਹੋਟਲਾਂ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ।
ਪਹਿਲਾਂ ਵੀ ਵਾਪਰੀ ਸੀ ਅਜਿਹੀ ਘਟਨਾ, ਹੁਣ ਤੱਕ ਹੋਟਲਾਂ 'ਤੇ ਹੋਈ ਇਹ ਕਾਰਵਾਈ
ਇਸ ਹਫਤੇ ਦੇ ਸ਼ੁਰੂ ਵਿੱਚ, ਕੋਟਾਯਮ ਮੈਡੀਕਲ ਕਾਲਜ ਦੀ ਇੱਕ ਨਰਸ ਦੀ ਕਥਿਤ ਤੌਰ 'ਤੇ ਕੋਝੀਕੋਡ ਵਿੱਚ ਇੱਕ ਭੋਜਨਖਾਨੇ ਤੋਂ ਖਾਣਾ ਖਾਣ ਤੋਂ ਬਾਅਦ ਮੌਤ ਹੋ ਗਈ ਸੀ। ਨਰਸ ਰੇਸ਼ਮੀ ਰਾਜ (33) ਨੇ ਇੱਥੋਂ ਦੇ ਹੋਟਲ ਪਾਰਕ ਤੋਂ ਅਰਬੀ ਚਿਕਨ ਡਿਸ਼ 'ਅਲ ਫਾਹਮ' ਆਰਡਰ ਕੀਤਾ ਸੀ। ਖਾਣਾ ਖਾਣ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ ਸੀ। ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਬਾਅਦ ਵਿੱਚ ਇਸੇ ਹੋਟਲ ਵਿੱਚ ਖਾਣਾ ਖਾਣ ਵਾਲੇ 20 ਹੋਰ ਵਿਅਕਤੀਆਂ ਦੀ ਸਿਹਤ ਵਿਗੜ ਗਈ ਸੀ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਸੀ। ਇਸ ਘਟਨਾ ਤੋਂ ਬਾਅਦ ਕੇਰਲ ਦੇ ਫੂਡ ਸੇਫਟੀ ਵਿਭਾਗ ਨੇ ਕਾਰਵਾਈ ਕਰਦੇ ਹੋਏ ਸੂਬੇ ਭਰ 'ਚ ਛਾਪੇਮਾਰੀ ਕਰਕੇ 40 ਹੋਟਲਾਂ ਨੂੰ ਬੰਦ, 62 ਨੂੰ ਜੁਰਮਾਨਾ ਅਤੇ 28 ਹੋਰ ਹੋਟਲਾਂ ਨੂੰ ਚਿਤਾਵਨੀ ਦਿੱਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Biryani, Crime against women, Food, Kerala, National news, Online Booking