ਕੇਰਲ ਦੇ ਮੰਤਰੀ ਸਾਜੀ ਚੇਰੀਅਨ ਨੇ ਦੇਸ਼ ਦੇ ਸੰਵਿਧਾਨ 'ਤੇ ਸਵਾਲ ਖੜ੍ਹੇ ਕੀਤੇ ਹਨ। ਸੰਵਿਧਾਨ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸ਼ੋਸ਼ਣ ਕਰਨ ਵਾਲਿਆਂ ਨੂੰ ਮਾਫ਼ ਕਰ ਦਿੰਦਾ ਹੈ। ਇਸ ਨੂੰ ਇਸ ਤਰ੍ਹਾਂ ਲਿਖਿਆ ਗਿਆ ਹੈ ਕਿ ਦੇਸ਼ ਦੇ ਵੱਧ ਤੋਂ ਵੱਧ ਲੋਕਾਂ ਨੂੰ ਲੁੱਟਿਆ ਜਾ ਸਕੇ। ਇਸ ਬਿਆਨ ਨੂੰ ਲੈ ਕੇ ਮੰਤਰੀ, ਮੁੱਖ ਵਿਰੋਧੀ ਧਿਰ ਕਾਂਗਰਸ ਸਮੇਤ ਵੱਖ-ਵੱਖ ਵਰਗਾਂ ਦੇ ਨਿਸ਼ਾਨੇ 'ਤੇ ਆ ਗਏ ਹਨ।
ਭਾਜਪਾ ਨੇ ਮੰਤਰੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਕੇਰਲ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵੀ.ਡੀ. ਸਤੀਸ਼ਨ ਨੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।
ਅਲਾਪੁੱਝਾ ਜ਼ਿਲ੍ਹੇ ਦੇ ਚੇਂਗਨੂਰ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਚੇਰੀਅਨ ਕੇਰਲ ਸਰਕਾਰ ਵਿੱਚ ਸੱਭਿਆਚਾਰ ਅਤੇ ਮੱਛੀ ਪਾਲਣ ਵਿਭਾਗ ਦੇ ਮੰਤਰੀ ਹਨ। ਉਨ੍ਹਾਂ ਇਹ ਬਿਆਨ ਹਾਲ ਹੀ ਵਿੱਚ ਦੱਖਣੀ ਜ਼ਿਲ੍ਹੇ ਦੇ ਮੱਲਾਪੱਲੀ ਵਿੱਚ ਹੋਏ ਇੱਕ ਸਿਆਸੀ ਸਮਾਗਮ ਵਿੱਚ ਦਿੱਤਾ। ਖੇਤਰੀ ਟੈਲੀਵਿਜ਼ਨ ਚੈਨਲਾਂ ਨੇ ਮੰਗਲਵਾਰ ਨੂੰ ਭਾਸ਼ਣ ਪ੍ਰਸਾਰਿਤ ਕਰਨ ਤੋਂ ਬਾਅਦ ਇਹ ਮੁੱਦਾ ਗਰਮ ਹੋ ਗਿਆ।
ਇੰਡੀਅਨ ਐਕਸਪ੍ਰੈਸ ਦੇ ਅਨੁਸਾਰ, ਚੇਰੀਅਨ ਨੇ ਪ੍ਰੋਗਰਾਮ ਵਿੱਚ ਕਿਹਾ, “ਸ਼ੋਸ਼ਣ ਮਨੁੱਖਤਾ ਦੀ ਸ਼ੁਰੂਆਤ ਤੋਂ ਹੀ ਮੌਜੂਦ ਹੈ। ਮੌਜੂਦਾ ਸਮੇਂ ਅਮੀਰ ਲੋਕ ਦੁਨੀਆਂ ਉਤੇ ਜਿੱਤ ਹਾਸਲ ਕਰ ਰਹੇ ਹਨ। ਇਹ ਬਿਲਕੁਲ ਸੁਭਾਵਿਕ ਹੈ ਕਿ ਸਰਕਾਰੀ ਤੰਤਰ ਇਸ ਕਾਰਵਾਈ ਦੇ ਹੱਕ ਵਿੱਚ ਹੋਵੇਗਾ।
ਹਰ ਕੋਈ ਕਹੇਗਾ ਕਿ ਸਾਡੇ ਕੋਲ ਵਧੀਆ ਲਿਖਿਆ ਸੰਵਿਧਾਨ ਹੈ ਪਰ ਮੈਂ ਇਹ ਕਹਾਂਗਾ ਕਿ ਦੇਸ਼ ਦਾ ਸੰਵਿਧਾਨ ਇਸ ਤਰ੍ਹਾਂ ਲਿਖਿਆ ਗਿਆ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਲੁੱਟਿਆ ਜਾ ਸਕੇ। ਚੇਰੀਅਨ ਨੇ ਅੱਗੇ ਕਿਹਾ ਕਿ ਭਾਰਤੀਆਂ ਨੇ ਉਹੀ ਲਿਖਿਆ ਹੈ ਜੋ ਅੰਗਰੇਜ਼ਾਂ ਨੇ ਤਿਆਰ ਕੀਤਾ ਸੀ।
ਇਹ ਪਿਛਲੇ 75 ਸਾਲਾਂ ਤੋਂ ਲਾਗੂ ਹੈ। ਮੈਂ ਤਾਂ ਕਹਾਂਗਾ ਕਿ ਦੇਸ਼ ਦੀ ਜਨਤਾ ਨੂੰ ਲੁੱਟਣ ਵਾਲਾ ਇਹ ਸੁੰਦਰ ਸੰਵਿਧਾਨ ਹੈ। ਸੰਵਿਧਾਨ ਵਿੱਚ ਭਾਵੇਂ ਲੋਕਤੰਤਰ ਅਤੇ ਧਰਮ ਨਿਰਪੱਖਤਾ ਵਰਗੀਆਂ ਕੁਝ ਚੰਗੀਆਂ ਗੱਲਾਂ ਹਨ ਪਰ ਇਸ ਦਾ ਮਕਸਦ ਆਮ ਆਦਮੀ ਦਾ ਸ਼ੋਸ਼ਣ ਕਰਨਾ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Indian Constitution, Kerala