ਮੁੰਬਈ- ਮੁੰਬਈ 'ਚ ਅੱਤਵਾਦੀ ਹਮਲੇ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਨੇ ਵੱਡਾ ਅਲਰਟ ਜਾਰੀ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਸੁਰੱਖਿਆ ਏਜੰਸੀਆਂ ਨੂੰ ਸੂਚਨਾ ਮਿਲੀ ਹੈ ਕਿ ਖਾਲਿਸਤਾਨੀ ਅੱਤਵਾਦੀ ਮੁੰਬਈ 'ਚ ਨਵੇਂ ਸਾਲ ਦੇ ਮੌਕੇ 'ਤੇ ਵੱਡਾ ਹਮਲਾ ਕਰ ਸਕਦੇ ਹਨ। ਇਸ ਅਲਰਟ ਤੋਂ ਬਾਅਦ ਮੁੰਬਈ ਦੇ ਸਾਰੇ ਰੇਲਵੇ ਸਟੇਸ਼ਨਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੁਲਿਸ ਨੂੰ ਭੀੜ ਵਾਲੀਆਂ ਥਾਵਾਂ 'ਤੇ ਤਿੱਖੀ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਨਵੇਂ ਸਾਲ ਦੇ ਮੌਕੇ 'ਤੇ ਮੁੰਬਈ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਹਾਈ ਅਲਰਟ ਤੋਂ ਬਾਅਦ ਮੁੰਬਈ ਪੁਲਿਸ ਅਤੇ ਰੇਲਵੇ ਪੁਲਿਸ ਨੇ ਸਾਰੇ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਸਾਰਿਆਂ ਨੂੰ ਡਿਊਟੀ 'ਤੇ ਰਹਿਣ ਦੇ ਆਦੇਸ਼ ਦਿੱਤੇ ਗਏ ਹਨ।
ਰੇਲਵੇ ਕਮਿਸ਼ਨਰ ਨੇ ਦੱਸਿਆ ਕਿ ਮੁੰਬਈ 'ਚ ਅਲਰਟ ਦੇ ਮੱਦੇਨਜ਼ਰ ਮੁੰਬਈ ਦੇ ਪ੍ਰਮੁੱਖ ਸਟੇਸ਼ਨਾਂ ਦਾਦਰ, ਬਾਂਦਰਾ ਚਰਚਗੇਟ, ਸੀਐੱਸਐੱਮਟੀ, ਕੁਰਲਾ ਅਤੇ ਹੋਰ ਸਟੇਸ਼ਨਾਂ 'ਤੇ ਸਖ਼ਤ ਸੁਰੱਖਿਆ ਤਾਇਨਾਤ ਕੀਤੀ ਗਈ ਹੈ। ਕੱਲ੍ਹ 3000 ਤੋਂ ਵੱਧ ਰੇਲਵੇ ਅਧਿਕਾਰੀ ਤਾਇਨਾਤ ਕੀਤੇ ਜਾਣਗੇ
ਦੱਸ ਦਈਏ ਕਿ ਮੁੰਬਈ 'ਚ ਕੋਰੋਨਾ ਵਾਇਰਸ ਦੇ ਓਮਾਈਕ੍ਰੋਨ ਵੇਰੀਐਂਟ ਕਾਰਨ ਧਾਰਾ 144 ਪਹਿਲਾਂ ਹੀ ਲਾਗੂ ਹੋ ਚੁੱਕੀ ਹੈ। ਇਸ ਦੇ ਨਾਲ ਹੀ, ਮੁੰਬਈ ਪੁਲਿਸ ਨੇ ਹੋਟਲਾਂ ਅਤੇ ਰੈਸਟੋਰੈਂਟਾਂ ਸਮੇਤ ਕਿਸੇ ਵੀ ਬੰਦ ਜਾਂ ਖੁੱਲੀ ਜਗ੍ਹਾ 'ਤੇ ਨਵੇਂ ਸਾਲ ਦੇ ਜਸ਼ਨ ਅਤੇ ਇਕੱਠੇ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ। ਪੁਲਿਸ ਹੁਕਮਾਂ ਨੇ ਹੋਟਲਾਂ, ਰੈਸਟੋਰੈਂਟਾਂ, ਬੈਂਕੁਏਟ ਹਾਲਾਂ, ਬਾਰਾਂ, ਪੱਬਾਂ, ਆਰਕੈਸਟਰਾ, ਰਿਜ਼ੋਰਟਾਂ, ਕਲੱਬਾਂ ਅਤੇ ਇਮਾਰਤਾਂ ਦੀਆਂ ਛੱਤਾਂ ਸਮੇਤ ਕਿਸੇ ਵੀ ਬੰਦ ਜਾਂ ਖੁੱਲ੍ਹੀ ਥਾਂ 'ਤੇ ਨਵੇਂ ਸਾਲ ਦੇ ਜਸ਼ਨਾਂ, ਸਮਾਗਮਾਂ ਅਤੇ ਇਕੱਠਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਹੁਕਮਾਂ 'ਚ ਕਿਹਾ ਗਿਆ ਹੈ ਕਿ ਟਰੇਨਾਂ, ਬੱਸਾਂ ਅਤੇ ਨਿੱਜੀ ਕਾਰਾਂ ਮੌਜੂਦਾ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਮੁਤਾਬਕ ਚੱਲ ਸਕਦੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Attack, Khalistani, Mumbai, Security alert