ਖੇਤੀ ਕਾਨੂੰਨਾਂ ਖ਼ਿਲਾਫ਼ ਲਾਏ ਦਿੱਲੀ ਮੋਰਚਿਆਂ ਦੇ 100 ਦਿਨ ਪੂਰੇ ਹੋਣ ’ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ 6 ਮਾਰਚ ਨੂੰ ਦਿੱਲੀ ਨੂੰ ਚੁਫੇਰਿਉਂ ਘੇਰਦੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈੱਸਵੇਅ (ਕੇਐੱਮਪੀ) ਤੇ ਕੁੰਡਲੀ-ਗਾਜ਼ੀਆਬਾਦ-ਪਲਵਲ (ਕੇਜੀਪੀ) ਨੂੰ ਸਵੇਰੇ 11 ਤੋਂ ਸ਼ਾਮ 4 ਵਜੇ ਤੱਕ ਜਾਮ ਕੀਤਾ ਜਾਵੇਗਾ। ਮੋਰਚੇ ਵੱਲੋਂ ਇਹ ਦਿਨ ‘ਕਾਲੇ ਦਿਵਸ’ ਵਜੋਂ ਮਨਾਇਆ ਜਾਵੇਗਾ।
ਕਿਸਾਨਾਂ ਵੱਲੋਂ ਘਰਾਂ, ਦਫ਼ਤਰਾਂ ਤੇ ਸੰਸਥਾਵਾਂ ’ਤੇ ਕਾਲੇ ਝੰਡੇ ਝੁਲਾਏ ਜਾਣਗੇ। ਮੋਰਚੇ ਵਿੱਚ ਸ਼ਾਮਲ ਲੋਕ ਕਾਲੀਆਂ ਪੱਟੀਆਂ ਬੰਨ੍ਹ ਕੇ ਕੇਂਦਰ ਖ਼ਿਲਾਫ਼ ਰੋਸ ਜ਼ਾਹਿਰ ਕਰਨਗੇ। ਕਿਸਾਨ ਆਗੂਆਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਾਮ ਨੂੰ ਸਫ਼ਲ ਬਣਾਉਣ ’ਚ ਸਹਿਯੋਗ ਦੇਣ ਤੇ ਕਿਸੇ ਵੀ ਖੱਜਲ ਖੁਆਰੀ ਤੋਂ ਬਚਣ ਲਈ ਇਸ ਰੂਟ ’ਤੇ ਆਉਣ ਤੋਂ ਗੁਰੇਜ਼ ਕਰਨ। ਆਗੂਆਂ ਨੇ ਕਿਹਾ ਕਿ ਜਾਮ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਪੂਰੀ ਖੁੱਲ੍ਹ ਰਹੇਗੀ।
ਕਿਸਾਨ ਜਥੇਬੰਦੀਆਂ ਦੀ ਨੁਮਾਇੰਦਗੀ ਕਰਦੇ ਸੰਯੁਕਤ ਕਿਸਾਨ ਮੋਰਚੇ ਦੀ ਕਮੇਟੀ ਦੇ ਮੈਂਬਰ ਡਾ. ਦਰਸ਼ਨ ਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਕਿਸਾਨ ਅੰਦੋਲਨ ਨਾਲ ਸਰਕਾਰ ਉਪਰ ਕਿਸਾਨੀ ਮੰਗਾਂ ਮੰਨਣ ਲਈ ਦਬਾਅ ਬਣੇਗਾ ਤੇ ਮੋਦੀ ਸਰਕਾਰ ਹੋਰ ਕਮਜ਼ੋਰ ਹੋਵੇਗੀ। ਕੇਂਦਰ ਸਰਕਾਰ ਨੂੰ ਜ਼ਿੱਦ ਛੱਡ ਕੇ ਸੰਯੁਕਤ ਕਿਸਾਨ ਮੋਰਚੇ ਨਾਲ ਮੁੜ ਗੱਲਬਾਤ ਕਰਨੀ ਪਏਗੀ।
ਅਗਲੇ ਦਿਨਾਂ ਦੌਰਾਨ ਮੌਸਮੀ ਤਬਦੀਲੀ ਦੇ ਮੱਦੇਨਜ਼ਰ ਉਨ੍ਹਾਂ ਕਿਹਾ ਕਿ ਗਰਮੀ ਵਿੱਚ ਵੀ ਕਿਸਾਨ ਕੜਾਕੇ ਦੀ ਠੰਢ ਵਾਂਗ ਮੋਰਚੇ ਵਿੱਚ ਡਟੇ ਰਹਿਣ ਲਈ ਦ੍ਰਿੜ੍ਹ ਸੰਕਲਪ ਹਨ। ਉਨ੍ਹਾਂ ਕਿਹਾ ਕਿ ਇਹ ਤਿੰਨੋਂ ਕਾਨੂੰਨ ਕਿਸਾਨਾਂ ਦੀ ‘ਮੌਤ ਦੇ ਵਰੰਟ’ ਹਨ ਕਿਉਂਕਿ ਮੋਦੀ ਸਰਕਾਰ ਦੇਸ਼ ਦੇ ਮੰਡੀ ਪ੍ਰਬੰਧ ਵਿੱਚ ਕਾਰਪੋਰੇਟਾਂ ਨੂੰ ਦਾਖ਼ਲ ਕਰ ਰਹੀ ਹੈ, ਜੋ ਕਿਸਾਨਾਂ ਲਈ ਘਾਤਕ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਨੂੰ ਦੋਵਾਂ ਪਾਸਿਉਂ ਘੇਰਦੀ ਐਕਸਪ੍ਰੈੱਵੇਅ ਉਪਰ ਪੈਂਦੇ ਟੌਲ ਪਲਾਜ਼ੇ ਜਾਮ ਦੇ ਅਰਸੇ ਦੌਰਾਨ ਪਰਚੀ ਮੁਕਤ ਰਹਿਣਗੇ।
ਪਿਛਲੇ ਸਾਲ 26 ਨਵੰਬਰ ਦੀ ਸ਼ਾਮ ਨੂੰ ਪੰਜਾਬ ਤੇ ਹਰਿਆਣਾ ਤੋਂ ਹਜ਼ਾਰਾਂ ਕਿਸਾਨਾਂ ਨੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਤੇ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਹੋਰ ਯੂਨੀਅਨਾਂ ਨੇ ਪਹਿਲਾਂ ਸਿੰਘੂ ਤੇ ਫਿਰ ਟਿਕਰੀ ਤੇ ਗਾਜ਼ੀਪੁਰ ਦੀਆਂ ਹੱਦਾਂ ਉਪਰ ਦਸਤਕ ਦਿੱਤੀ ਸੀ। ਕੌਮੀ ਰਾਜਧਾਨੀ ਵਿੱਚ ਦਾਖ਼ਲ ਨਾ ਹੋਣ ਦੇਣ ਮਗਰੋਂ ਕਿਸਾਨਾਂ ਨੇ ਇਨ੍ਹਾਂ ਬਾਰਡਰਾਂ ਸਮੇਤ ਪਲਵਲ ਬਾਰਡਰ ਉਪਰ ਪੱਕੇ ਮੋਰਚੇ ਲਾ ਰੱਖੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।